ਮਿਲ ਜਿਆ ਕਰੀਂ ਧੀਏ........... ਕਹਾਣੀ / ਸਿ਼ਵਚਰਨ ਜੱਗੀ ਕੁੱਸਾ

ਗੁਰਮੀਤ ਜਦੋਂ ਮੰਗੀ ਗਈ ਤਾਂ ਉਸ ਦੇ ਕੰਨੀ ਭਿਣਕ ਪਈ ਕਿ ਉਸ ਦੀ ਸੱਸ ਹਰਬੰਸ ਕੌਰ ਬੜੀ ਹੀ ‘ਕੱਬੀ’ ਸੀ। ਸੁਣ ਕੇ ਉਸ ਨੂੰ ਸੀਤ ਚੜ੍ਹ ਜਾਂਦਾ। ਭਵਿੱਖ ਵਿਚ ਹੋਣ ਵਾਲੇ ਸਲੂਕ ਲਈ ਉਹ ਆਪਣੇ ਆਪ ਨੂੰ ਕਰੜਾ ਕਰਦੀ। ਪਰ ਉਸ ਦਾ ਮਨ ਥਾਲੀ ਦੇ ਪਾਣੀ ਵਾਂਗ ਡੋਲਦਾ ਰਹਿੰਦਾ। ਉਹ ਉਸ ਪ੍ਰਮ-ਸ਼ਕਤੀ, ਪ੍ਰਮਾਤਮਾ ਅੱਗੇ ਬੇਨਤੀਆਂ ਕਰਦੀ ਰਹਿੰਦੀ।

- “ਹੇ ਅਕਾਲ ਪੁਰਖ ! ਮੇਰੀ ਸੱਸ ਨੂੰ ਸਮੱਤ ਬਖਸ਼।" ਆਪਣੇ ਵਿਆਹਤਾ ਜੀਵਨ ਲਈ ਸੁਖ ਪ੍ਰਦਾਨ ਕਰਨ ਲਈ ਉਹ ਰੱਬ ਅੱਗੇ ਅਰਦਾਸਾਂ ਕਰਦੀ। ਗੁਰਮੀਤ ਦਾ ਸਹੁਰਾ ਚੰਨਣ ਸਿੰਘ ਮਿਲਟਰੀ ਵਿਚ ਡਾਕਟਰ ਸੀ ਅਤੇ ਹੁਣ ਰਟਾਇਰ ਹੋ ਚੁੱਕਾ ਸੀ। ਹੁਣ ਉਸ ਨੇ ਆਪਣੇ ਪਿੰਡ ਹੀ ਪ੍ਰਾਈਵੇਟ ਡਿਸਪੈਂਸਰੀ ਖੋਲ੍ਹ ਲਈ ਸੀ ਅਤੇ ਕੰਮ ਕਾਫੀ ਰਿੜ੍ਹ ਪਿਆ ਸੀ। ਗੁਰਮੀਤ ਦੀ ਸੱਸ ਹਰਬੰਸ ਕੌਰ ਮਾਪਿਆਂ ਦੀ ਇਕੱਲੀ-ਇਕੱਲੀ ਧੀ ਸੀ। ਜਿਸ ਨੇ ਪੇਕੀਂ ਅਤੇ ਸਹੁਰੀਂ ਚੰਮ ਦੀਆਂ ਚਲਾਈਆਂ ਸਨ। ਹਰਬੰਸ ਕੌਰ ਦਾ ਪੁੱਤ ਰੂਪਇੰਦਰ ਮਿਲਟਰੀ ਸਕੂਲ ਵਿਚ ਹੀ ਪੜ੍ਹਿਆ ਸੀ, ਸਕੂਲ ਤੋਂ ਬਾਅਦ ਕਾਲਿਜ। ਰੂਪਇੰਦਰ ਇਕ ਲੰਡਰ ਮੁੰਡਾ ਸੀ। ਕਾਲਿਜ ਵਿਚ ਉਹ ਪੜ੍ਹਾਈ ਘੱਟ ਅਤੇ ਲਫੈਂਡਪੁਣਾਂ ਜਿਆਦਾ ਕਰਦਾ ਸੀ। ਗਸ਼ਤ ਜਿ਼ਆਦਾ ਅਤੇ ਪੜ੍ਹਾਈ ਘੱਟ ਕਰਨ ਦਾ ਉਹ ਆਦੀ ਬਣ ਚੁੱਕਾ ਸੀ।
ਰਟਾਇਰਮੈਂਟ ਲੈਣ ਤੋਂ ਬਾਅਦ ਚੰਨਣ ਸਿੰਘ ਨੂੰ ਜਦੋਂ ਅਹਿਸਾਸ ਹੋਇਆ ਕਿ ਰੂਪਇੰਦਰ ਪੜ੍ਹਾਈ ਵਿਚ ਉੱਕਾ ਹੀ ਰੁਚੀ ਨਹੀਂ ਰੱਖਦਾ ਤਾਂ ਉਸ ਨੇ ਉਸ ਨੂੰ ਡਾਕਟਰੀ ਕਿੱਤੇ ਵਿਚ ਹੀ ਲਾ ਲਿਆ। ਪਰ ਰੂਪਇੰਦਰ ਦੀ ਆਦਤ ਨਾ ਬਦਲੀ। ਉਹ ਕੁੜੀਆਂ ਦੀ ਚੱੈਕ ਅੱਪ ਘੱਟ ਅਤੇ ਛਾਤੀਆਂ ਜਿ਼ਆਦਾ ਨਾਪਦਾ ਤੋਲਦਾ ਸੀ। ਪਰ ਦਿਨ ਤਾਂ ਚੰਨਣ ਸਿੰਘ ਦੇ ਸਿਰ ਉਪਰੋਂ ਪਾਣੀ ਹੀ ਵਗ ਗਿਆ, ਜਦ ਉਸ ਦੀ ਗੈਰਹਾਜ਼ਰੀ ਵਿਚ ਰੂਪਇੰਦਰ ਨੇ ਦੁਆਈ ਲੈਣ ਆਈ ਕੁੜੀ ਹੀ ਫੜ ਲਈ। ਕਾਫੀ ਲਾਅਲਾ-ਲਾਅਲਾ ਹੋਈ। ਪਰ ਚੰਨਣ ਸਿੰਘ ਬਾਰਸੂਖ਼ ਬੰਦਾ ਸੀ। ਜਿਸ ਕਰਕੇ ਪੰਚਾਇਤ ਨੇ ਗੱਲ ਦਬਾ ਲਈ। ਰੂਪਇੰਦਰ ਤੋਂ ਮੁਆਫੀ ਦੁਆ ਕੇ ਗੱਲ ਰਫ਼ਾ-ਦਫ਼ਾ ਕਰ ਦਿੱਤੀ ਗਈ। ਅੱਗੇ ਤੋਂ ਰੂਪਇੰਦਰ ਨੂੰ ਖ਼ਬਰਦਾਰ ਕਰ ਦਿੱਤਾ ਗਿਆ।
ਇੱਜ਼ਤਦਾਰ ਬੰਦਾ, ਡਾਕਟਰ ਚੰਨਣ ਸਿੰਘ ਸ਼ਰਮ ਦਾ ਮਾਰਿਆ ਕਈ ਦਿਨ ਬਾਹਰ ਹੀ ਨਾ ਨਿਕਲਿਆ। ਧਰਤੀ ਗਰਕਣ ਲਈ ਉਸ ਨੂੰ ਵਿਹਲ ਨਹੀਂ ਦਿੰਦੀ ਸੀ। ਇਕੱਲੇ-ਕਹਿਰੇ ਪੁੱਤ ਨੂੰ ਉਹ ਜਿਆਦਾ ਘੂਰਨੋ ਵੀ ਡਰਦਾ ਸੀ। ਅੱਜ ਦੀ ਮਡੀਹਰ ਦਾ ਕੀ ਇਤਬਾਰ? ਗੁੱਸੇ ਮਾਰਿਆ ਖੂਹ ਖਾਤੇ ਹੀ ਪੈ ਜਾਵੇ? ਜਾਂ ਫਿਰ ਅੱਗੋਂ ਥੱਪੜ ਹੀ ਕੱਢ ਮਾਰੇ? ਆਪਣੀ ਇੱਜ਼ਤ ਆਪਣੇ ਹੱਥ!
- “ਤੇਰੇ ਅੰਨ੍ਹੇ ਲਾਅਡ ਨੇ ਮੁੰਡਾ ਵਿਗਾੜਤਾ।" ਰੋਟੀ ਖਾਣ ਲੱਗਾ ਡਾਕਟਰ ਹਰਬੰਸ ਕੌਰ ਨੂੰ ਕਹਿ ਬੈਠਾ।
- “ਕੀ ਪਰਲੋਂ ਆ ਗਈ? ਮੁੰਡੇ ਖੁੰਡੇ ਅਜਿਹੀਆਂ ਘਤਿੱਤਾਂ ਕਰਦੇ ਹੀ ਹੁੰਦੇ ਐ - ਕੀ ਅਗਲੀ ਦੇ ਗੋਲੀ ਮਾਰਤੀ?”
- “ਅਗਲੇ ਮੇਰੇ ਮੂੰਹ ਨੂੰ ਈ ਚੁੱਪ ਕਰ ਗਏ-ਨਹੀਂ ਤਾਂ ਮਾਰ ਮਾਰ ਰੈਂਗੜੇ ਇਹਦੇ 'ਚ ਚਿੱਬ ਪਾ ਦਿੰਦੇ-ਬਾਹਲੀ ਹੱਫੀ ਬਣੀ ਫਿਰਦੀ ਐਂ।"
- “ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਐ-ਸਾਰਾ ਕਸੂਰ ਮੁੰਡੇ ’ਚ ਵੀ ਨਹੀਂ।" ਹਰਬੰਸ ਕੌਰ ਤੱਟ ਫੱਟ ਜਵਾਬ ਦੇ ਰਹੀ ਸੀ।
- “ਤੇਰੇ ਧੀ ਹੈ ਨਹੀ ਨਾਂ ਘਰੇ-ਤੈਨੂੰ ਧੀਆਂ ਦੇ ਦੁੱਖ ਦਾ ਕੀ ਪਤੈ? ਲੱਗ ਪਈ ਚਬਰ-ਚਬਰ ਮੂੰਹ ਮਾਰਨ ਹਰਾਮਦੀ!"
ਚੰਨਣ ਸਿੰਘ ਭੂਸਰ ਗਿਆ। ਉਹ ਚੁਪ ਕਰ ਗਈ। ਜਦੋਂ ਡਾਕਟਰ ਗੁੱਸੇ ਵਿਚ ਹੁੰਦਾ, ਹਰਬੰਸ ਕੌਰ ਉਸ ਤੋਂ ਕੰਨ ਭੰਨਦੀ। ਕਿਉਂਕਿ ਗੱਸਾ ਡਾਕਟਰ ਨੂੰ ਬਹੁਤ ਹੀ ਘੱਟ ਆਉਂਦਾ ਸੀ। ਪਰ ਜਦੋਂ ਗੁੱਸਾ ਉਸ ਦੇ ਸਿਰ ਨੂੰ ਚੜ੍ਹਦਾ ਤਾਂ ਉਹ ਹਾਕੀ ਲੈ ਕੇ ਹਰਬੰਸ ਕੌਰ ਦੇ ਦੁਆਲੇ ਹੋ ਜਾਂਦਾ ਅਤੇ ਫਿਰ ਨਿੱਸਲ ਕਰ ਕੇ ਹਟਦਾ ਸੀ। ਗੁੱਸੇ ਵਿਚ ਉਸ ਦੇ ਕੁਝ ਵੱਸ ਨਾ ਰਹਿੰਦਾ। ਹਰਬੰਸ ਕੌਰ ਨੂੰ ਭਲੀ-ਭਾਂਤ ਪਤਾ ਸੀ ਕਿ ਜਦੋਂ ਚੰਨਣ ਸਿੰਘ ‘ਹਰਾਮਦੀ’ ਲਫਜ਼ ਵਰਤਦਾ ਸੀ ਤਾਂ ਉਸ ਦੇ ਗੁੱਸੇ ਦੀ ਭੱਠੀ ਮਘਣ ਲੱਗ ਪੈਂਦੀ ਸੀ। ਜਿਸ ਕਰਕੇ ਉਹ ਤੁਰੰਤ ਹੀ ਚੁੱਪ ਧਾਰ ਲੈਂਦੀ। ‘ਹਰਾਮਦੀ’ ਲਫ਼ਜ਼ ਤਬਾਹੀ ਦਾ ਸੰਕੇਤ ਸੀ। ਗੁੱਸੇ ਵਿਚ ਭੂਤਰਿਆ ਡਾਕਟਰ ਖੱਬੇ ਸੱਜੇ ਨਹੀਂ ਦੇਖਦਾ ਸੀ। ਬੱਸ! ਪਰਾਗਾ ਪਾ ਹੀ ਲੈਂਦਾ ਸੀ।
ਖ਼ੈਰ! ਡਾਕਟਰ ਨੇ ਰਿਸ਼ਤੇਦਾਰ ਬੁਲਾ ਕੇ ਰੂਪਇੰਦਰ ਦੀ ਸ਼ਾਦੀ ਦੀ ਗੱਲ ਤੋਰੀ।
- “ਇੱਤਰਾਂ ਪ੍ਰਾਹੁਣਿਆਂ ਸਾਕਾਂ ਦਾ ਮੁੰਡੇ ਨੂੰ ਘਾਟੈ? ਤੂੰ ਮੁੜ ਹੁਕਮ ਤਾਂ ਕਰਕੇ ਤੇ ਦੇਖ- ਕੁੜੀਆਂ ਦੇ ਮੁੜ ਢੇਰ ਪਏ ਲਾ ਦਿਆਂਗੇ- ਉੱਤਰਾਂ ਕੋਈ ਕੁੜੀ ਤੇਰੀ ਨਜ਼ਰ’ਚ ਹੈ?” ਰੂਪਇੰਦਰ ਦੇ ‘ਅੰਬਰਸਰੀਏ’ ਭਾਊ ਮਾਮੇ ਨੇ ਆਖਿਆ। ਮੁੱਛਾਂ ਦੇ ਕੁੰਢ ਉਹ ਅੱਖਾਂ ਨਾਲ ਲਾਈ ਬੈਠਾ ਸੀ। ਕੱਕੀਆਂ ਮੁੱਛਾਂ ਉਪਰੋਂ ਦੀ ਕੋਚਰੀਆਂ ਅੱਖਾਂ ‘ਗਟਰ ਗਟਰ’ ਝਾਕ ਰਹੀਆਂ ਸਨ।
- “ਜੈਤੋ ਵਾਲੇ ਬਰਾੜ ਬਾਰੇ ਤੇਰਾ ਕੀ ਖਿਆਲ ਐ? ਕੈਪਟਨ ਬੜਾ ਹੀ ਸਾਊ ਬੰਦੈ।" ਡਾਕਟਰ ਨੇ ਕਿਹਾ।
- “ਛੱਡ ਪਰਾਂਹ ਪ੍ਰਾਹੁਣਿਆਂ - ਕੈਪਟਨ ਕੋਈ ਬੰਦੈ? ਉਹ ਤਾਂ ਮੁੜ ਨਿਰਾ ਗੁਰਦੁਆਰੇ ਦਾ ਗ੍ਰੰਥੀ ਲੱਗਦਾ ਊ।" ਮਾਮੇ ਨੇ ਨੱਕ ਚਾੜ੍ਹਿਆ।
- “ਸਾਨੂੰ ਬੰਦੇ ਚਾਹੀਦੇ ਐ ਘੈਂਟ - ਜਿਹੜੇ ਜੁਆਕ ਦੇ ਪਿੱਛੇ ਆਉਣ ਵਾਲੇ ਵੀ ਹੋਣ।" ਹਰਬੰਸ ਕੌਰ ਨੇ ਕਿਹਾ।
- “ਜੁਆਕ ਦੇ ਪਿੱਛੇ ਆਉਣ ਚਾਹੇ ਨਾ ਆਉਣ - ਪਰ ਤੂੰ ਗੁਤਨੀ ਜਰੂਰ ਪੱਟਾਵਾਂਏਂਗੀ- ਕਿਉਂਕਿ ਤੇਰੀ ਜਬਾਨ ਚੱਲਣੋਂ ਰਹਿਣੀ ਨਹੀ-।"
- “ਉੱਤਰਾਂ ਗੱਲ ਭੈਣਾਂ ਦੀ ਦਰੁਸਤ ਈ - ਮੁੜ ਚਾਰ ਬੰਦੇ ਪਿੱਠ ਤੇ ਹੋਏ ਜੁਆਨ ਦੀ ਭੱਲ ਤਾਂ ਬਣੀ ਰਹੂ।“ ਮਾਮੇ ਤੋਂ ਰਿਹਾ ਨਾ ਗਿਆ, “ਕੋਈ ਉੱਤਰਾਂ ਅੱਖ ’ਚ ਪਾਇਆ ਤਾਂ ਮੁੜ ਨਾ ਰੜਕੂ ਪ੍ਰਾਹੁਣਿਆਂ।"
- “ਘੱਲਾਂ ਆਲਿਆਂ ਨਾਲ ਗੱਲ ਕਰੀਏ?” ਰੂਪਇੰਦਰ ਦੇ ਫੁੱਫੜ ਨੇ ਆਖਿਆ।
- “ਚਾਰ ਭਰਾਵਾਂ ਦੀ 'ਕੱਲੀ-'ਕੱਲੀ ਭੈਣ ਐਂ।"
- “ਕਰ ਲਓ! ਦਾਜ ਦਹੇਜ ਦੀ ਆਪਾਂ ਨੂੰ ਉੱਕਾ ਈ ਜਰੂਰਤ ਨਹੀਂ।" ਡਾਕਟਰ ਨੇ ਕਿਹਾ।
- “ਕਿਉਂ ਲੋੜ ਕਿਉਂ ਨ੍ਹੀਂ? ਹਰਬੰਸ ਕੌਰ ਜਿਵੇਂ ਭੱਜ ਕੇ ਵਿਚ ਹੋਈ, “ਅਗਲਿਆਂ ਨੇ ਆਬਦੀ ਕੁੜੀ ਨੂੰ ਦੇਣੈ -ਸਾਨੂੰ ਦੇਣੈ?” ਹਰਬੰਸ ਕੌਰ ਰਹਿ ਨਾ ਸਕੀ।
- “ਮੁੜ ਭਾਅ ਫੌਜੀਆਂ ਆਲੀ ਗੱਲ ਨਾ ਮੁੜ ਪਿਆ ਕਰ- ਘਰ ਆਈ ਲਕਸ਼ਮੀ ਕਿਸੇ ਨੇ ਮੋੜੀ ਊ? ਉੱਤਰਾਂ ਆਪਾਂ ਕੋਈ ਮੰਗ ਨਹੀ ਧਰਦੇ - ਵੈਸੇ ਮਾਮਿਆਂ ਫੁੱਫਿਆਂ ਨੂੰ ਮੁੰਦਰੀਆਂ ਛੁੰਦਰੀਆਂ ਦਾ ਤਾਂ ਹੱਕ ਬਣਦਾ ਈ।"
- “ਕਿਉਂ ਨਹੀਂ ਬਣਦਾ? ਇੱਕੋ ਇੱਕ ਪੁੱਤ ਵਿਆਹੁੰਣੈ- ਅਸੀਂ ਇਲਾਕੇ ’ਚ ਕਿਹੜਾ ਮੂੰਹ ਵਿਖਾਵਾਂਗੇ?”
ਡਾਕਟਰ ਚੁਪ ਕਰ ਗਿਆ। ਮੇਲੇ ਵਿਚ ਚੱਕੀਰਾਹੇ ਦਾ ਕੁਝ ਨਹੀ ਵੱਟੀਦਾ ਸੀ। ਝੰਡੇ ਹੇਠਲੀ ਹਰਬੰਸ ਕੌਰ ਅਤੇ ਪ੍ਰਤਾਪ ਸਿੰਘ ਭਾਊ ਅੱਗੇ ਉਸ ਦੀ ਪੇਸ਼ ਨਹੀ ਜਾ ਰਹੀ ਸੀ। ਰਿਸ਼ਤੇਦਾਰਾਂ ਸਾਹਮਣੇ ਉਹ ਝੱਜੂ ਨਹੀ ਪਾਉਣਾ ਚਾਹੁੰਦਾ ਸੀ।
ਖ਼ੈਰ! ਰੂਪਇੰਦਰ ਦੇ ਫੁੱਫੜ ਨੇ ਗੱਲ ਚਲਾਈ।
ਰਿਸ਼ਤਾ ਸਿਰੇ ਚੜ੍ਹ ਗਿਆ।
ਪਹਿਲੇ ਦਿਨ ਮੰਗਣੀ ਅਤੇ ਦੂਜੇ ਦਿਨ ਸ਼ਾਦੀ ਹੋ ਗਈ। ਸਹੁਰਿਆਂ ਨੇ ਦਾਜ ਵਿਚ ਕਾਫੀ ਕੁਝ ਦਿੱਤਾ ਸੀ। ਫਰਿੱਜ਼, ਸੋਫੇ਼, ਅਲਮਾਰੀਆਂ, ਟੀ.
ਵੀ. ਅਤੇ ਮੋਟਰਸਾਈਕਲ! ਮਾਮਿਆਂ-ਫੁੱਫੜਾਂ ਤੱਕ ਛਾਪਾਂ ਪਾਈਆਂ ਸਨ। ਪਰ ਹਰਬੰਸ ਕੌਰ ਅਜੇ ਵੀ ਖੁਸ਼ ਨਹੀ ਸੀ।
- “ਮੇਰਾ ਗਲ ਕਿਉਂ ਨਹੀ ਢਕਿਆ?” ਉਹ ਮੂੰਹ ਵੱਟੀ ਬੈਠੀ ਸੀ। ਰਿਸ਼ਤੇਦਾਰੀਆਂ ਵਿਚੋਂ ਅੱਗ ਤੇ ਫੂਸ ਪਾਉਣ ਵਾਲੀਆਂ ਜਿ਼ਆਦਾ ਅਤੇ ਪਾਣੀ ਪਾਉਣ ਵਾਲੀਆਂ ਘੱਟ ਸਨ।
- “ਹੈਂ-ਹੈਂ ਨੀ! ਇਹ ਕੀ ਆਖ? ਇੱਕੋ ਇੱਕ ਪੁੱਤ ਵਿਆਹਿਐ- ਗਲ ਢਕਣ ਦਾ ਤਾਂ ਭੈਣੇ ਹੱਕ ਬਣਦਾ ਸੀ।" ਕੋਈ ਆਖ ਰਹੀ ਸੀ।
- “ਸਹੁਰਿਆਂ ਨੇ ਤਾਂ ਭਾਈ ਮੂਲੋਂ ਈ ਨਿੱਕਾ ਕੱਤਿਆ।" ਸੁਣ ਕੇ ਗੁਰਮੀਤ ਨੂੰ ਘੁੰਡ ਵਿਚ ਤਰੇਲੀਆਂ ਆ ਰਹੀਆਂ ਸਨ। ਉਸ ਨੂੰ ਅੰਦਰੋਂ ਝਰਨਾਹਟ ਚੜ੍ਹਦੀ ਅਤੇ ਸਿਰ ਚਕਰਾ ਰਿਹਾ ਸੀ।
- “ਹਰਬੰਸ ਕੁਰੇ ਭਾਈ ਸਾਹੇ ’ਚ ਕਲੇਸ਼ ਮਾੜਾ ਹੁੰਦੈ।" ਗੁਆਂਢਣ ਸੰਤੀ ਬੁੜ੍ਹੀ ਨੇ ਆ ਕੇ ਮੱਤ ਦਿੱਤੀ।
- “ਸਾਰੀ ਉਮਰ ਪਈ ਐ ਗੱਲਾਂ ਕਰਨ ਨੂੰ - ਪਰ ਅੱਜ ਕਲੇਸ਼ ਨਾ ਕਰੋ - ਸ਼ਗਨਾਂ ਦਾ ਖੱਟਿਆ ਈ ਖਾਈਦੈ।" ਕਿਸੇ ਹੋਰ ਸਚਿਆਰੀ ਨੇ ਹਾਮ੍ਹੀਂ ਭਰੀ।
ਬਾਹਰ ‘ਅੰਬਰਸਰੀਆ’ ਮਾਮਾ ਸ਼ਰਾਬ ਨਾਲ ਰੱਜਿਆ ਲਲਕਾਰੇ ਮਾਰ ਰਿਹਾ ਸੀ, ਉਹ ਬਲਦ ਵਾਂਗ ਝੂਲਦਾ ਅੰਦਰ ਆਇਆ।
- “ਦੇਖ ਕੁੜੀਏ! ਮੁੜ ਸਾਰੀ ਉਮਰ ਤੇਰੇ ਘਰ 'ਤੇ ਖੂਨ ਪਏ ਵਗਾਂਦੇ ਰਹੇ - ਅੱਜ ਮੇਰਾ ਇੱਕੋ ਮੁੰਦਰੀ ਨਾਲ ਮੁੜ ਸਾਰ ਦਿੱਤਾ? ਜਿਹਨਾਂ ਨੇ ਤੇਰੀ ਦੁਖਦੇ ਸੁਖਦੇ ਬਾਤ ਨਹੀ ਮੁੜ ਪੁੱਛੀ ਸੀ - ਉਹਨਾਂ ਨੂੰ ਵੀ ਮੁੜ ਮੁੰਦਰੀਆਂ ਤੇ ਇੱਤਰਾਂ ਮੇਰੇ ਨਾਲ ਮੁੜ ਕਿੱਧਰਲਾ ਇਨਸਾਫ ਹੋਇਆ?”
- ਉਏ ਮਾਮਾ ਬੱਸ ਵੀ ਕਰ ਪਤੰਦਰਾ! ਆ ਬਾਹਰ ਪੈੱਗ ਸ਼ੈੱਗ ਲਾਈਏ।" ਰੂਪਇੰਦਰ ਦੇ ਦੋਸਤ ਮਾਮੇਂ ਨੂੰ ਧੱਕੀ ਲਿਜਾ ਰਹੇ ਸਨ। ਜਿਵੇਂ ਰੋਡਵੇਜ਼ ਦੀ ਬੱਸ ਨੂੰ ਧੱਕਾ ਲਾਈਦੈ।
- “ਉੱਤਰਾਂ ਕੁੜੀਏ ਮੁੜ ਯਾਦ ਰੱਖੀਂ - ਦੁਖਦੇ ਸੁਖਦੇ ਤੇਰੇ ਕੰਮ ਮੈਂ ਈ ਆਣਾ ਊਂ।" ਮਾਮਾ ਬੁੱਕਦਾ ਜਾਂਦਾ ਕਹਿ ਰਿਹਾ ਸੀ। ਉਹ ਰਿੰਗ ਬੈਠੇ ਟਰੈਕਟਰ ਵਾਂਗ ਧੂੰਆਂ ਮਾਰੀ ਜਾ ਰਿਹਾ ਸੀ।
- “ ਵੇ ਮੈਂ ਕਿਹੜੇ ਜਣਦਿਆਂ ਨੂੰ ਪਿੱਟਾਂ.....?” ਉਠ ਕੇ ਹਰਬੰਸ ਕੌਰ ਨੇ ਦੁਹੱਥੜ ਮਾਰੀ। ਪਰ ਸੰਤੀ ਬੁੜ੍ਹੀ ਨੇ ਫਿਰ ਬਿਠਾ ਲਈ।
- “ਕਲੇਸ਼ ਮਾੜਾ ਹੁੰਦੈ ਹਰਬੰਸ ਕੁਰੇ!“
- “ਬਹਿਨੀ ਐਂ ਕਿ ਦੇਵਾਂ ਮੱਤ ਹਰਾਮਦੀਏ?” ਡਾਕਟਰ ਹਨ੍ਹੇਰੀ ਵਾਂਗ ਅੰਦਰ ਆਇਆ। ਹਰਬੰਸ ਕੌਰ ਦੜ ਵੱਟ ਗਈ। ‘ਹਰਾਮਦੀਏ’ ਵੱਖੀਆਂ ਸੇਕਣ ਦਾ ਪ੍ਰਤੀਕ ਸੀ। ਸ਼ਾਮਤ ਦਾ ਘੁੱਗੂ ਸੀ। ਡਾਂਗ ਤੋਂ ਡਰਦੀ ਉਹ ਚੁੱਪ ਕਰ ਗਈ।
- “ਬੱਸ ਡੱਡੇ ਗੁੱਸਾ ਥੁੱਕੋ - ਸ਼ਗਨਾਂ ਵਾਲੇ ਦਿਨ ਤੁਸੀਂ ਕਾਹਤੋਂ ਕਲੇਸ਼ ਪਾ ਕੇ ਬੈਠ ਗਏ?” ਸੰਤੀ ਬੁੜ੍ਹੀ ਸਮਝਾਉਣ ਦੀ ਬੜੀ ਕੋਸਿ਼ਸ਼ ਕਰ ਰਹੀ ਸੀ।
- “ਮੈਂ ਕਦੋਂ ਦਾ ਮੂੰਹ ਕੰਨੀ ਦੇਖੀ ਜਾਨੈਂ - ਬੱਸ ਈ ਨਹੀ ਕਰਦੀ ਗੱਦਾਂ ਯੱਧੀ - ਕੀ ਕੰਜਰਖਾਨਾਂ ਖੜ੍ਹੈ ਕੀਤੈ ਇਹਨੇ ਮੱਚੜ ਜੀ ਨੇ!“ ਗੁੱਸੇ ਦੇ ਲਾਂਬੂ ਛੱਡਦਾ ਡਾਕਟਰ ਬਾਹਰ ਨਿਕਲ ਗਿਆ।
ਖ਼ੈਰ! ਸੰਤੀ ਬੁੜ੍ਹੀ ਦੀ ਸਰਪ੍ਰਸਤੀ ਸਦਕਾ ਵਿਆਹ ਘੱਟਣ ਜਿਹੇ ਮਾਹੌਲ ਵਿਚ ਵੀ ਸੁੱਖ ਸਾਂਦ ਨਾਲ ਲੰਘ ਗਿਆ। ਪਰ ਹਰਬੰਸ ਕੌਰ ਨੇ ਦਿਲੋਂ ਖੋਰ ਨਾ ਗੁਆਇਆ। ਨੂੰਹ ਪ੍ਰਤੀ ਉਸ ਦੇ ਦਿਲ ਵਿਚ ਪਿਆ ਵਲ ਹਰ ਰੋਜ਼ ਵੱਟ ਚਾਹੜਦਾ ਸੀ। ਨੂੰਹ ਰੋਟੀ ਪਕਾ ਕੇ ਦਿੰਦੀ ਉਸ ਦੇ ਪਸੰਦ ਨਾ ਆਉਂਦੀ। ਸਬਜ਼ੀ ਬਣਾਉਂਦੀ ਤਾਂ ਹਰਬੰਸ ਕੌਰ ਨੱਕ ਬੁੱਲ੍ਹ ਮਾਰਦੀ ਰਹਿੰਦੀ।
ਪਰ ਚੰਨਣ ਸਿੰਘ ਨੂੰਹ ਦੀ ਦਿਲੋਂ ਇੱਜ਼ਤ ਕਰਦਾ ਸੀ। ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਸੀ। ਪਰ ਜਦੋਂ ਚੰਨਣ ਸਿੰਘ ਕਿਤੇ ਬਾਹਰ ਚਲਾ ਜਾਂਦਾ ਤਾਂ ਹਰਬੰਸ ਕੌਰ ਗੁਰਮੀਤ ਨੂੰ ਸੁਣਾਈ ਕਰਦੀ, “ਆਹ ਭਿੱਟਭਿਟੀਆ ਜਿਆ ਖਰਚਿਆਂ ਦਾ ਘਰ ਸਾਡੇ ਮੱਥੇ ਮਾਰਿਆ।“ ਪਰ ਧੰਨ ਸੀ ਗੁਰਮੀਤ ਦੀ ਸਹਿਣਸ਼ੀਲਤਾ। ਉਹ ਚੁੱਪ ਚਾਪ ਸਾਰਾ ਕੁਝ ਜਰਦੀ, ਸਹਾਰਦੀ। ਮੂੰਹੋਂ ਕਦੇ ਨਾ ਬੋਲਦੀ। ਕਈ ਵਾਰ ਉਸ ਨੇ ਰਾਤ ਨੂੰ ਰੂਪਇੰਦਰ ਨੂੰ ਸੱਸ ਦੇ ਕੁਰੱਖਤ ਸੁਭਾਅ ਬਾਰੇ ਦੱਸਿਆ। ਪਰ ਉਹ ਪੀਤੀ ਵਿਚ, “ਮੰਮੀ ਦਾ ਸੁਭਾਅ ਈ ਕੁਛ ਐਹੋ ਜਿਐ- ਤੂੰ ਚੁੱਪ ਰਿਹਾ ਕਰ!“ ਆਖ ਕੇ ਅੱਖੋਂ ਪਰੋਖੇ ਕਰ ਛੱਡਦਾ। ਗੁਰਮੀਤ ਨੂੰ ਸਾਰੀ ਸਾਰੀ ਰਾਤ ਨੀਂਦ ਨਾ ਪੈਂਦੀ। ਕਦੇ ਉਹ ਸੋਚਦੀ ਕਿ ਉਹ ਤਾਂ ਇਕ ਮਸ਼ੀਨ ਸੀ। ਜਿਸ ਨੂੰ ਰਾਤ ਨੂੰ ਰੂਪਇੰਦਰ ਵਰਤ ਛੱਡਦਾ ਅਤੇ ਦਿਨੇ ਸੱਸ ਕੰਮ ’ਤੇ ਲਾਈ ਰੱਖਦੀ ਸੀ। ਜੇ ਉਸ ਨੂੰ ਕੋਈ ਸਮਝਣ ਵਾਲਾ ਸੀ ਤਾਂ ਸਿਰਫ ਉਸ ਦਾ ਸਹੁਰਾ ਚੰਨਣ ਸਿੰਘ!
ਕਈ ਵਾਰ ਗੁਰਮੀਤ ਦੇ ਪੇਕੇ ਉਸ ਨੂੰ ਲੈਣ ਆਏ ਪਰ ਹਰਬੰਸ ਕੌਰ ਕੋਈ ਨਾ ਕੋਈ ਬਹਾਨਾ ਮਾਰ ਕੇ ਟਰਕਾ ਛੱਡਦੀ। ਕਰਵਾ ਚੌਥ ਦੇ ਵਰਤਾਂ ’ਤੇ ਗੁਰਮੀਤ ਦਾ ਭਰਾ ਲੈਣ ਆਇਆ ਤਾਂ ਡਾਕਟਰ ਨੇ ਹਰਬੰਸ ਕੌਰ ਦੀ ਗੈਰਹਾਜ਼ਰੀ ਵਿਚ ਤੋਰ ਦਿੱਤੀ। ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਕਿਸੇ ਕੈਦ ਵਿਚੋਂ ਰਿਹਾਅ ਹੋਈ ਹੋਵੇ।
ਜਦ ਹਰਬੰਸ ਕੌਰ ਨੂੰ ਪਤਾ ਚੱਲਿਆ ਕਿ ਨੂੰਹ ਪੇਕੀਂ ਚਲੀ ਗਈ ਸੀ ਤਾਂ ਉਸ ਨੇ ਬਰੜਾਹਟ ਕਰਨਾ ਸ਼ੁਰੂ ਕਰ ਦਿੱਤਾ।
- “ਮੇਰੀ ਕਾਹਨੂੰ ਹੁਣ ਦੱਸ ਪੁੱਛ ਰਹੀ ਐ ਇਸ ਘਰ ’ਚ - ਜੋ ਕਰਨ ਨੂੰਹ ਸਹੁਰਾ ਈ ਕਰਨ।“ ਉਹ ਰੋਣ ਲੱਗ ਪਈ।
- “ਮੈਂ ਨਹੀਂ ਐਹੋ ਜਿਹੀ ਆਪਹੁਦਰੀ ਘਰੇ ਰੱਖਣੀ- ਰਹੇ ਪੇਕੀੰਂ - ਅਸੀਂ ਤਾਂ ਤਲਾਕ ਦੇ ਦੇਣੈਂ!”
- “ਤੈਨੂੰ ਚਾਰਾਂ ਬੱਕਲ? ਮਾਰ ਮਾਰ ਪੁੜੇ ਸੇਕਦੂੰ - ਕੁਛ ਨਾ ਆਖ!“ ਡਾਕਟਰ ਨੇ ਡਿਸਪੈਂਸਰੀ ਅੰਦਰੋਂ ਕਿਹਾ।
- “ਚਾਰਾਂ ਬੱਕਲ - ਸੇਕਦੂੰ ਪੁੜੇ - ਜੀਹਨੇ ਸਾਰੀ ਉਮਰ ਸਾਥ ਦਿੱਤੈ - ਉਹਦੀ ਕੋਈ ਪੁੱਛ ਦੱਸ ਨਹੀ -ਕੱਲ੍ਹ ਦੀ ਆਈ ਨੇ ਪਤਾ ਨਹੀ ਕੀ ਘੋਲ ਕੇ ਸਿਰ ਪਾ ਦਿੱਤੈ - ਐਹੋ ਜਿਹੀਆਂ ਰੰਡੀਆਂ ਬੜੀਆਂ ਖੇਖਣ ਹੱਥੀਆਂ ਹੁੰਦੀਆਂ।“ ਉਹ ਮੂੰਹ ਪਾੜ ਕੇ ਆਪਣੀ ਇਕਲੌਤੀ ਨੂੰਹ ਨੂੰ ‘ਰੰਡੀ’ ਆਖ ਰਹੀ ਸੀ।
ਡਾਕਟਰ ਨੇ ਬੈਂਤ ਫੜ ਕੇ ਹਰਬੰਸ ਕੌਰ ਦੀ ਤਹਿ ਲਾ ਦਿੱਤੀ। ਰੋਂਭੜ੍ਹੇ ਪਾ ਦਿੱਤੇ।
ਸ਼ਾਮ ਨੂੰ ਸ਼ਰਾਬ ਨਾਲ ਧੁੱਤ ਰੂਪਇੰਦਰ ਜਦ ਘਰ ਆਇਆ ਤਾਂ ਘਰ ਦਾ ਮਾਹੌਲ ਕਾਫ਼ੀ ਗੰਭੀਰ ਸੀ। ਉਹ ਮਾਂ ਦੇ ਮੰਜੇ ਤੇ ਇਕ ਤਰ੍ਹਾਂ ਨਾਲ ਡਿੱਗ ਹੀ ਪਿਆ। ਮੋਟਰਸਾਈਕਲ ਦਾ ਉਸ ਤੋਂ ਸਟੈਂਡ ਨਹੀਂ ਲੱਗਿਆ ਸੀ। ਉਸ ਨੇ ਵੈਸੇ ਹੀ ਕੰਧ ਨਾਲ ਲਾ ਦਿੱਤਾ ਸੀ।
- “ ਲੈ ਪੁੱਤ ਇਕ ਕੰਮ ਕਰ ਲੈ - ਜਾਂ ਤਾਂ ਬਹੂ ਛੱਡ ਦੇ ਤੇ ਜਾਂ ਫਿਰ ਮਾਂ ਛੱਡ ਦੇ।“ ਹਰਬੰਸ ਕੌਰ ਨੇ ਪੁੱਤ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ।
- “ਮੰਮੀ! ਬਹੂਆਂ ਮੈਨੂੰ ਵੀਹ - ਮਾਂ ਕਿਥੋਂ ਲਿਆਊਂ?” ਸ਼ਰਾਬੀ ਰੂਪਇੰਦਰ ਨੇ ਕਿਹਾ।
- “ਹੁਸਨ ਜਵਾਨੀ ਮਾਪੇ - ਮਿਲਦੇ ਨਹੀਂ ਹੱਟੀਆਂ ਤੋਂ” ਕਵਿਸ਼ਰੀ ਕਰਦਾ ਉਹ ਘੁਰਾੜ੍ਹੇ ਮਾਰਨ ਲੱਗ ਪਿਆ। ਚੁਬਾਰੇ ਵਿਚ ਪਿਆ ਡਾਕਟਰ ਸਾਰਾ ਕੁਝ ਸੁਣ ਰਿਹਾ ਸੀ। ਉਸ ਦੇ ਤਨ ਮਨ ਨੂੰ ਅੱਗ ਲੱਗੀ ਪਈ ਸੀ। ਕਰੋਧ ਵਿਚ ਉਹ ਸੜਿਆ ਪਿਆ ਸੀ।
ਜਦ ਰੂਪਇੰਦਰ ਗੁਰਮੀਤ ਨੂੰ ਲੈਣ ਨਾ ਹੀ ਗਿਆ ਤਾਂ ਉਸ ਦਾ ਭਰਾ ਗੁਰਮੀਤ ਨੂੰ ਛੱਡ ਗਿਆ। ਬਗੈਰ ਚੰਨਣ ਸਿੰਘ ਤੋਂ ਉਸ ਨਾਲ ਕਿਸੇ ਨੇ ਵੀ ਗੱਲ ਨਾ ਕੀਤੀ। ਸ਼ਾਮ ਨੂੰ ਉਹ ਵਾਪਿਸ ਪਰਤ ਗਿਆ। ਜਿ਼ੱਦੀ ਹਰਬੰਸ ਕੌਰ ਨੇ ਨੂੰਹ ਨਾਲ ਇਕ ਸ਼ਬਦ ਵੀ ਸਾਂਝਾ ਨਾ ਕੀਤਾ। ਜਦ ਗੁਰਮੀਤ ਉਸ ਦੇ ਪੈਰੀਂ ਹੱਥ ਲਾਉਣ ਲੱਗੀ ਤਾਂ ਹਰਬੰਸ ਕੌਰ ਨੇ ‘ਖ਼ਬਰਦਾਰ’ ਆਖ ਕੇ ਵਰਜ਼ ਦਿੱਤੀ। ਨੂੰਹ ਦੀ ਪਕਾਈ ਹੋਈ ਰੋਟੀ ਵੀ ਉਸ ਨੇ ਨਾ ਖਾਧੀ।
ਰੂਪਇੰਦਰ ਗੁਰਮੀਤ ਹੁਰਾਂ ਨੂੰ ਤੱਕ ਕੇ ਹੀ, ਮੋਟਰਸਾਈਕਲ ਲੈ ਕੇ ਬਾਹਰ ਨਿਕਲ ਗਿਆ ਸੀ। ਇਕ ਦੋਸਤ ਨੂੰ ਨਾਲ ਲੈ ਕੇ ਉਹ ਕਿਸੇ ਦੂਸਰੇ ਦੋਸਤ ਦੇ ਖੇਤ ਜਾ ਕੇ ਦਾਰੂ ਪੀਣ ਲੱਗ ਪਿਆ। ਉਹ ਤਿੰਨੇ ਸਾਰੀ ਦਿਹਾੜੀ ਪੀਂਦੇ ਰਹੇ।
ਹਨ੍ਹੇਰੇ ਹੋਏ ਰੂਪਇੰਦਰ ਨੇ ਮੋਟਰਸਾਈਕਲ ਲਿਆ ਅਤੇ ਆਪਣੇ ਪਿੰਡ ਨੂੰ ਸਿੱਧਾ ਹੋ ਗਿਆ। ਉਸ ਦਾ ਦੋਸਤ ਬਹੁਤਾ ਸ਼ਰਾਬੀ ਹੋਣ ਕਰਕੇ ਉਥੇ ਹੀ ਰਹਿ ਪਿਆ ਸੀ। ਉਹ ਆਪਣੇ ਪਿੰਡ ਦੀ ਸੜਕ ਪੈ ਕੇ ਆ ਹੀ ਰਿਹਾ ਸੀ ਕਿ ਸਪੀਡ ਜਿਆਦਾ ਹੋਣ ਕਰਕੇ ਸ਼ਰਾਬੀ ਰੂਪਇੰਦਰ ਤੋਂ ਮੋਟਰਸਾਈਕਲ ਨਾ ਸੰਭਲਿਆ ਅਤੇ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਿਆ। ਰੂਪਇੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਹਾਹਾਕਾਰ ਮੱਚ ਗਈ। ਕੋਈ ਮਨਹੂਸ ਖਬਰ ਲੈ ਕੇ ਡਾਕਟਰ ਚੰਨਣ ਸਿੰਘ ਵੱਲ ਤੁਰ ਗਿਆ।
ਚੰਨਣ ਸਿੰਘ ਅਜੇ ਡਿਸਪੈਂਸਰੀ ਵਿਚ ਹੀ ਬੈਠਾ ਸੀ। ਬਿਲਕੁਲ ਇਕੱਲਾ! ਘੋਰ ਦੁਖੀ! ਖ਼ਾਮੋਸ਼! ਹਰਬੰਸ ਕੌਰ ਉਪਰ ਚੁਬਾਰੇ ਵਿਚ ਸੀ। ਨੂੰਹ ਦੋ ਵਾਰ ਰੋਟੀ ਨੂੰ ਆਖ ਆਈ ਸੀ।
- "ਤੂੰ ਪੈ ਜਾ ਪੁੱਤ! ਮੈਂ ਆਪੇ ਰੋਟੀ ਖਾ ਲਊਂ!“ ਚੰਨਣ ਸਿੰਘ ਨੇ ਕਿਹਾ ਸੀ। ਉਸ ਦਾ ਮੱਥਾ ਠਣਕ ਰਿਹਾ ਸੀ। ਖੱਬੀ ਅੱਖ ਸਵੇਰ ਦੀ ਫ਼ਰਕੀ ਜਾ ਰਹੀ ਸੀ।
- “ਚਾਚਾ ਜੀ ਆਪਾਂ ਤਾਂ ਪੱਟੇ ਗਏ! ਆਪਣਾ ਰੂਪ ਚੜ੍ਹਾਈ ਕਰ ਗਿਆ!” ਚੰਨਣ ਸਿੰਘ ਦਾ ਸਾਬਤ ਸੂਰਤ ਭਤੀਜਾ ਗੁਰਮੇਲ ਸਿੰਘ ਡਿਸਪੈਂਸਰੀ ਵਿਚ ਆ ਕੇ ਪਿੱਟਿਆ। ਚੰਨਣ ਸਿੰਘ ਤਾਂ ਜਿਵੇਂ ਅਜਿਹੀ ਮਨਹੂਸ ਖਬਰ ਦੀ ਕਾਫੀ ਚਿਰ ਤੋਂ ਉਡੀਕ ਕਰ ਰਿਹਾ ਸੀ। ਉਸ ਦਾ ਦੁਖੀ ਦਿਲ ਲਹੂ ਲੁਹਾਣ ਹੋ, ਨੁੱਚੜਨ ਲੱਗ ਪਿਆ। ਉਸ ਨੂੰ ਜਿਵੇਂ ਇਸ ਭਾਣੇ ਬਾਰੇ ਪਹਿਲਾਂ ਹੀ ਪਤਾ ਸੀ। ਗੁਰਮੀਤ ਦੇ ਕੰਨੀਂ ਪਿਆ ਤਾਂ ਉਹ ਕਾਲਜਾ ਫੜ ਕੇ ਬੈਠ ਗਈ। ਪਰ ਹਰਬੰਸ ਕੌਰ ਨੂੰ ਕੋਈ ਖ਼ਬਰ ਨਹੀ ਸੀ।
ਚੰਨਣ ਸਿੰਘ ਜਾ ਕੇ ਪੱਤ ਦੀ ਲਾਸ਼ ਲੈ ਆਇਆ। ਰੂਪਇੰਦਰ ਦਾ ਸਾਰਾ ਸਿਰ ਪਾਟ ਗਿਆ ਸੀ। ਖੂਨ ਨਾਲ ਸਾਰਾ ਸਰੀਰ ਗੜੁੱਚ ਸੀ।
ਟਰਾਲੀ ਵਿਚੋਂ ਲਾਸ਼ ਲਾਹੀ ਗਈ।
- “ ਅੰਦਰ ਲੈ ਚੱਲੋ!” ਚੰਨਣ ਸਿੰਘ ਨੇ ਕਿਹਾ।
- “ਲਾਸ਼ ਨੂੰ ਘਰ ਅੰਦਰ ਨਹੀਂ ਲੈ ਕੇ ਜਾਂਦੇ ਹੁੰਦੇ ਭਾਈ!” ਕਿਸੇ ਬਜੁਰਗ ਨੇ ਕਿਹਾ।
- “ਇਹ ਘਰ ਨਹੀ ਕਬਰਸਤਾਨ ਐ - ਅੰਦਰ ਲੈ ਚੱਲੋ.....!” ਚੰਨਣ ਸਿੰਘ ਨੇ ਚੀਕ ਕੇ ਕਿਹਾ।
ਲਾਸ਼ ਅੰਦਰ ਲੈ ਗਏ।
- “ਹਰਬੰਸ ਕੁਰੇ! ਨੀ ਹਰਬੰਸ ਕੁਰੇ!! ਅੱਜ ਰੋ ਲੈ ਜਿੰਨਾ ਰੋਣੈ - ਰੋ ਲੈ ਰੱਜ ਕੇ - ਲਾਹ ਲੈ ਚਾਅ - ਆਹ ਦੇਖ ਰੂਪ ਦੀ ਲਾਸ਼ ਆ ਗਈ - ਹਰਬੰਸ ਕੁਰੇ....!” ਚੰਨਣ ਸਿੰਘ ਨੇ ਬੇਹੋਸ਼ਾਂ ਵਾਂਗ ਕਿਹਾ।
- “ਦੇਖ ਲੈ ਤੇਰੇ ਪੁੱਤ ਦੀ ਲਾਅਸ਼ ਆ ਗਈ - ਜੀਹਦੇ ਸਿਰ ਤੇ ਤੂੰ ਬੁੱਕਦੀ ਫਿਰਦੀ ਸੀ - ਹਰਬੰਸ ਕੁਰੇ.....!” ਚੰਨਣ ਸਿੰਘ ਜਿਵੇਂ ਕਮਲਾ ਹੋ ਗਿਆ ਸੀ।
ਘਰ ਵਿਚ ਰੋਣ ਪਿੱਟਣ ਪੈ ਗਿਆ। ਗੁਰਮੀਤ ਨੇ ਛਾਤੀ ਪਿੱਟ ਲਾਲ ਕਰ ਲਈ। ਹਰਬੰਸ ਕੌਰ ਹਾਲੋਂ ਬੇਹਾਲ ਸੀ। ਹੋਣੀ ਕਿੱਡੀ ਬਲਵਾਨ ਸੀ? ਨੂੰਹ ਦੇ ਹੱਥਾਂ ਦੀ ਅਜੇ ਮਹਿੰਦੀ ਵੀ ਨਹੀਂ ਲਹੀ ਸੀ!
ਅਗਲੇ ਦਿਨ ਸਵੇਰੇ ਹੀ ਰੂਪਇੰਦਰ ਦਾ ਸਸਕਾਰ ਕਰ ਦਿੱਤਾ ਗਿਆ। ਰੂਹ ਦੀ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਦਾ ਭੋਗ ਪਾਇਆ ਗਿਆ। ਵਿਛੜੀ ਰੂਹ ਨੂੰ ਚਰਨਾਂ ਵਿਚ ਜਗਾਹ ਬਖਸ਼ਣ ਲਈ ਦਾਤੇ ਅੱਗੇ ਅਰਦਾਸਾਂ ਹੋਈਆਂ।
ਹਰਬੰਸ ਕੌਰ ਅਤੇ ਚੰਨਣ ਸਿੰਘ ਪੁੱਤਰ ਦੇ ਵਿਛੋੜੇ ਨਾਲ ਦਿਨਾਂ ਵਿਚ ਹੀ ਹਾਰ ਗਏ। ਬੁੱਢੇ ਹੋ ਗਏ।
ਮਹੀਨਾਂ ਕੁ ਬੀਤਣ ਤੇ ਗੁਰਮੀਤ ਦਾ ਬਾਪ ਆ ਗਿਆ।
- “ਚੰਨਣ ਸਿਆਂ - ਜੇ ਗੁੱਸਾ ਨਾ ਕਰੇਂ ਤਾਂ.....।“ ਗੁਰਮੀਤ ਦੇ ਬਾਪੂ ਤੋਂ ਗੱਲ ਪੂਰੀ ਨਾ ਹੋ ਸਕੀ।
- “ਗੁਰਮੁਖ ਸਿਆਂ - ਕੱਲ੍ਹ ਦੀ ਜੁਆਕੜੀ ਐ - ਐਡੀ ਪਹਾੜ ਜਿੱਡੀ ਜਿੰਦਗੀ ਕਿਵੇਂ ਲੰਘਾਊ - ਮੈਂ ਤਾਂ ਖ਼ੁਦ ਹੀ ਆਖਣ ਵਾਲਾ ਸੀ - ਵਿਚਾਰੀ ਦੀ ਸਾਰੀ ਜਿੰਦਗੀ ਦਾ ਸੁਆਲ ਐ - ਇਹਦੇ ’ਚ ਗੁੱਸੇ ਵਾਲੀ ਕਿਹੜੀ ਗੱਲ ਐ?” ਚੰਨਣ ਸਿੰਘ ਦਿਲੋਂ ਸਹਿਮਤ ਸੀ।
ਸਾਰੇ ਸਮਾਨ ਦੀ ਮੋੜ ਮੁੜਾਈ ਹੋ ਗਈ। ਗੁਰਮੀਤ ਕਿਤੇ ਹੋਰ ਮੰਗ ਦਿੱਤੀ ਗਈ। ਵਿਆਹ ਦਾ ਦਿਨ ਤਹਿ ਹੋ ਗਿਆ।
ਅੱਜ ਗੁਰਮੀਤ ਇਸ ਘਰੋਂ ਜਾ ਰਹੀ ਸੀ। ਹਰਬੰਸ ਕੌਰ ਦਾ ਦਿਲ ਹਿੱਲਿਆ। ਉਹ ਕੋਈ ਪੀਚ੍ਹੀ ਗੰਢ ਲੱਗਦੀ ਸੀ।
- “ਚੰਗਾ ਬੀਜੀ - ਮੈਂ ਚੱਲਦੀ ਆਂ।” ਗੁਰਮੀਤ ਸੱਸ ਦੇ ਪੈਰੀਂ ਹੱਥ ਲਾਉਂਦੀ ਡੁਸਕ ਪਈ। ਉਸ ਦਾ ਦਿਲ ਰੋਈ ਜਾ ਰਿਹਾ ਸੀ।
- “ਪੁੱਤ - ਗਲਤੀਆਂ ਤਾਂ ਮਾਂ ਬਾਪ ਤੋਂ ਹੋ ਜਾਂਦੀਐਂ - ਮਾਫ਼ ਈ ਕਰੀਂ!" ਅੰਦਰੋਂ ਕਿਰਦੀ ਹਰਬੰਸ ਕੌਰ ਗੁਰਮੀਤ ਨੂੰ ਘੁੱਟੀ ਖੜੀ ਸੀ। ਉਸ ਦੀਆਂ ਅੱਖਾਂ ਚੋਅ ਰਹੀਆਂ ਸਨ।
- “ਚੰਗਾ - ਬਾਪੂ ਜੀ।“ ਧਾਹ ਮਾਰ ਕੇ ਗੁਰਮੀਤ ਚੰਨਣ ਸਿੰਘ ਦੇ ਗਲ ਨੂੰ ਚਿੰਬੜ ਗਈ, ਸਕੇ ਬਾਪ ਵਾਂਗ!
- “ ਆਉਂਦੀ ਜਾਂਦੀ- ਮਿਲ ਜਿਆ ਕਰੀਂ ਧੀਏ.......।" ਚੰਨਣ ਸਿੰਘ ਦਾ ਉੱਚੀ ਉੱਚੀ ਰੋਣ ਨਿਕਲ ਗਿਆ ਅਤੇ ਦੇਖਣ ਵਾਲਿਆਂ ਦਾ ਸੀਨਾਂ ਪਾਟ ਗਿਆ। ਹਰ ਇਕ ਦੇ ਮੂੰਹੋਂ ‘ਵਾਹਿਗੁਰੂ’ ਨਿਕਲਿਆ ਸੀ।

****

ਅਵਾਰਾ ਕੁੱਤਿਆਂ ਦਾ ਫ਼ੈਮਿਲੀ ਪਲੈਨਿੰਗ.......... ਵਿਅੰਗ / ਸਿ਼ਵਚਰਨ ਜੱਗੀ ਕੁੱਸਾ

ਇਕ ਦਿਨ ਸੱਥ ਵਿਚ ਬੈਠੇ ਸਰਪੰਚ ਨੇ ਅਵਾਰਾ ਕੁੱਤਿਆਂ ਤੋਂ ਦੁਖੀ ਹੋ ਕੇ ਕੋਈ ਠੋਸ ਕਦਮ ਚੁੱਕਣ ਲਈ ਫ਼ੈਸਲਾ ਕੀਤਾ। ਸਰਪੰਚ ਦੇ ਸੱਦੇ ਉਪਰ ਸਾਰਾ ਪਿੰਡ ਇਕੱਠਾ ਹੋ ਗਿਆ ਸੀ। ਕਿਤੇ ਰਾਤ ਨੂੰ ਇੱਕ ਅਵਾਰਾ ਕੁੱਤੇ ਨੇ ਪਿੰਡ ਦੇ ਕਿਸੇ ਬਜ਼ੁਰਗ ਨੂੰ ਵੱਢ ਖਾਧਾ ਸੀ ਅਤੇ ਕਦੇ ਅਗਲੇ ਦਿਨ ਇੱਕ ਸੁੱਤੇ ਪਏ ਬੱਚੇ ਨੂੰ ਬੁਰੀ ਤਰ੍ਹਾਂ ਚੂੰਡ ਧਰਿਆ ਸੀ। ਲੋਕ ਧੜਾ-ਧੜ ਪਹੁੰਚ ਰਹੇ ਸਨ। ਸੱਥ ਵਿਚ ਇਕੱਠ ਹੋ ਰਿਹਾ ਸੀ।
-"ਕੀ ਦੱਸੀਏ ਸਰਪੈਂਚ ਸਾਹਬ...! ਮੈਂ ਰਾਤ ਨ੍ਹੇਰੇ ਹੋਏ ਬੌਡਿਆਂ ਅੱਲੀਓਂ ਤੁਰਿਆ ਆਉਂਦਾ ਸੀ, ਓਥੇ ਤੀਹਾਂ-ਪੈਂਤੀਆਂ ਦੀ ਕੁਤੀਹੜ ਨਾਨਕਾ ਮੇਲ਼ ਮਾਂਗੂੰ ਬੈਠੀ, ਮੈਨੂੰ ਦੇਖ ਕੇ ਮੇਰੇ ਸਾਲ਼ੇ ਇਉਂ 'ਕੱਠੇ ਹੋਣ ਲੱਗ ਪਏ, ਜਿਵੇਂ ਅੱਤਿਵਾਦੀ ਨੂੰ ਦੇਖ ਕੇ ਸੀ. ਆਰ. ਪੀ. 'ਕੱਠੀ ਹੁੰਦੀ ਐ...!" ਇਕ ਨੇ ਦੁਹਾਈ ਦਿੱਤੀ।

ਲੋਕ ਹੱਸ ਪਏ।
-"ਹਾਸਾ ਨੀ ਬਾਈ ਸਿਆਂ...! ਜਿਸ ਤਨ ਲੱਗੀਆਂ ਸੋਈ ਜਾਣੇ...!
ਅਜੇ ਤਾਂ ਚੰਗੇ ਕਰਮਾਂ ਨੂੰ ਮੇਰੇ ਕੋਲ਼ੇ ਅਣਘੜਤ ਜਿਆ ਰੈਂਗੜਾ ਸੀ, ਤੇ ਮੈਂ ਤਾਂ ਭਾਈ ਰੈਂਗੜਾ ਘੁੰਮਾਉਂਦਾ ਲਿਆ ਭੱਜ਼...! ਮੈਂ ਤਾਂ ਲਾਈ ਦੌੜ ਮੰਗੂ ਕੇ ਮੱਲ ਮਾਂਗੂੰ, ਤੇ ਪਿੰਡ ਆ ਕੇ ਸਾਹ ਲਿਆ...! ਮੇਰੇ ਸਾਲ਼ੇ ਮੇਰੇ ਮਗਰ ਪਿੰਡ ਤੱਕ ਆਏ, ਜਿਵੇਂ ਪੁਲ਼ਸ ਭੁੱਕੀ ਦੇ ਬਲੈਕੀਏ ਮਗਰ ਆਉਂਦੀ ਐ...!"
-"ਉਏ ਆਹੀ ਤਾਂ ਮੈਂ ਪਿੱਟਦੈਂ ਬਈ ਇਹਨਾਂ ਨੂੰ ਬੰਦੇ ਦੇ ਲਹੂ ਦਾ ਸੁਆਦ ਪੈ ਗਿਆ, ਹੁਣ ਇਹ ਕੁਤੀੜ੍ਹ ਕਦੋਂ ਭਲੀ ਗੁਜ਼ਾਰੂ...?"
-"ਬੰਦੇ ਦੇ ਲਹੂ ਦੀ ਗੱਲ ਸੁਣ ਲੈ...!" ਇਕ ਨੇ ਦੂਜੇ ਦੇ ਪੱਟ 'ਤੇ ਧੱਫ਼ਾ ਜਿਹਾ ਮਾਰਿਆ।
-"ਮਹੀਨਾਂ ਕੁ ਹੋਇਐ...! ਆਹ ਨਾਲ਼ ਦੇ ਪਿੰਡ, ਇਕ ਨਵੀਂ-ਨਵੇਲ ਵਿਆਹੀ ਨੂੰਹ ਦਾ ਰਾਤ ਨੂੰ ਸੁੱਤੀ ਪਈ ਦਾ ਮੂੰਹ ਈ ਖਾ ਜਾਣਾਂ ਸੀ ਖ਼ਸਮਾਂ ਨੂੰ ਖਾਣੇਂ ਨੇ...! ਪੈਂਦੀ ਸੱਟੇ ਮੂੰਹ 'ਤੇ ਬੁਰਕ ਜਾ ਭਰਿਆ..!" ਕਿਸੇ ਹੋਰ ਨੇ ਅਕਾਸ਼ਬਾਣੀ ਕੀਤੀ।
-"ਲੈ ਦੇਖ਼...! ਆ ਦੇਖਿਆ ਨਾ ਤਾਅ, ਬੁਰਕ ਕਿੱਥੇ ਮਾਰਿਆ ਲੋਹੜਾ ਪੈਣੇ ਨੇ...! ਮੂੰਹ ਤੋਂ ਬਿਨਾਂ ਹੋਰ ਕੋਈ ਥਾਂ ਈ ਨ੍ਹੀ ਲੱਭੀ ਕੋਹੜੀ ਹੋਣੇ ਨੂੰ...?" 
ਇਕ ਸੰਨਾਟਾ ਛਾ ਗਿਆ।
-"ਸਾਡੇ ਨਾਲ਼ੋਂ ਤਾਂ ਸਾਲ਼ਾ ਕੁੱਤਾ ਈ ਚੰਗੈ...! ਸਾਡਾ ਤਾਂ ਕਿਸੇ ਨੇ ਕਦੇ ਮੂੰਹ ਦੇ ਨੇੜੇ ਪ੍ਰਛਾਵਾਂ ਵੀ ਨੀ ਢੁੱਕਣ ਦਿੱਤਾ...!" ਅਮਲੀ ਚੁੱਪ ਚਾਪ ਬੈਠਾ ਮਨ ਵਿਚ ਹੀ ਸੋਚ ਰਿਹਾ ਸੀ, "ਇਹ ਸਾਲ਼ੀਆਂ ਲੋਟ ਈ ਕੁੱਤਿਆਂ ਤੋਂ ਆਉਂਦੀਐਂ...!"
-"ਪੌਡਰ ਦੀ ਬਾਸ਼ਨਾਂ ਆਈ ਹੋਣੀ ਐਂ...?" 
-"ਇਕ ਨਵੀਆਂ ਬਿਆਹੀਆਂ ਲਾਚੜੀਆਂ ਵੀਆਂ ਪੌਡਰ ਥੱਪਦੀਐਂ ਵੀ ਬਹੁਤੈ...!"
-"ਫ਼ੇਰ ਬਚਗੀ ਬਈ...?" ਅਮਲੀ ਨੇ ਹਮਦਰਦੀ ਨਾਲ਼ ਉੱਚਾ ਹੋ ਕੇ ਪੁੱਛਿਆ।
-"ਉਹਨੇ ਉਠ ਕੇ ਪਾਅਤਾ ਚੀਕ ਚੰਘਿਆੜਾ...!"
-"ਪਾਉਣਾ ਈ ਸੀ...? ਹੋਰ ਉਹਨੂੰ ਚੂਰੀ ਕੁੱਟ ਕੇ ਖੁਆਉਣੀਂ ਸੀ...!"
-"ਫ਼ੇਰ ਰੌਲ਼ੇ ਤੋਂ ਡਰਦਾ ਭੱਜ ਗਿਆ ਹੋਣੈਂ...?"
-"ਹੋਰ ਉਹਨੇ ਖੜ੍ਹ ਕੇ ਜਿੰਦਾਬਾਦ-ਮੁਰਦਾਬਾਦ ਦੇ ਨਾਅਰੇ ਲਾਉਣੇ ਸੀ...? ਤਲੈਂਬੜਾਂ ਤੋਂ ਡਰਦੇ ਤਾਂ ਵੱਡੇ-ਵੱਡੇ ਖੱਬੀ ਖ਼ਾਨ ਭੱਜ ਜਾਂਦੇ ਐ...! ਉਹ ਤਾਂ ਫ਼ੇਰ ਲੰਡਰ ਕੁੱਤਾ ਸੀ...! ਕਿਹੜਾ ਮਗਰ ਬਚਾਅ ਕਰਨ ਵਾਸਤੇ ਫ਼ੁੱਫ਼ੜ ਹੋਰਾਂ ਨੇ ਆਉਣਾਂ ਸੀ ...?"
ਹਾਸੜ ਪੈ ਗਈ।
-"ਇੱਕ ਗੱਲ ਸਮਝ ਨੀ ਆਈ...! ਬਈ ਇਹ ਸਾਲ਼ੀ ਐਨੀਂ ਕੁਤੀੜ੍ਹ ਆਈ ਕਿੱਧਰੋਂ ਐਂ...?" ਬਚਿੱਤਰ ਛੜੇ ਨੇ ਦਿਮਾਗ 'ਤੇ ਹੱਥ ਮਾਰ ਕੇ ਪੁੱਛਿਆ। ਜਿਵੇਂ 'ਘਿਰੜ-ਘਿਰੜ' ਕਰਦੇ ਰੇਡੀਓ 'ਤੇ ਮਾਰੀਦੈ!
-"ਮੈਨੂੰ ਤਾਂ ਇਹਦੇ ਪਿੱਛੇ ਪਾਕਿਸਤਾਨ ਦੀ ਆਈ. ਐੱਸ਼. ਆਈ. ਦਾ ਹੱਥ ਲੱਗਦੈ...!" ਅੱਭੜਵਾਹਿਆਂ ਵਾਂਗ ਆਉਂਦਾ ਬਚਨਾਂ 'ਕਾਲੀ' ਬੋਲਿਆ। 
-"ਲਓ ਜੀ...! ਬੱਸ ਆਹੀ ਕਸਰ ਰਹਿੰਦੀ ਸੀ...! ਕਰ ਲਓ 'ਕਾਲੀਆਂ ਦੇ ਘਿਉ ਨੂੰ ਭਾਂਡਾ...!" ਦਲੀਪ ਨੇ ਮੱਥੇ 'ਤੇ ਹੱਥ ਮਾਰਿਆ।
ਸਾਰਾ ਪਿੰਡ ਹੱਸ ਪਿਆ।
-"ਮੁਰਦਾ ਬੋਲੂ ਤੇ ਖੱਫ਼ਣ ਈ ਪਾੜੂ...!" ਨੰਜੂ ਦਾ ਹਾਸਾ ਬੰਦ ਨਹੀਂ ਹੁੰਦਾ ਸੀ।
-"ਜੇ ਕੁੱਤਿਆਂ ਦਾ ਧਿਆਨ ਖਿੱਚਣ ਆਸਤੇ ਮੈਨੂੰ ਪਾਣੀ ਆਲ਼ੀ ਟੈਂਕੀ 'ਤੇ ਚੜ੍ਹਨਾਂ ਪਿਆ, ਮੈਂ ਪਿੱਛੇ ਨੀ ਹਟੂੰਗਾ...! ਇਕ ਆਰੀ ਹੁਕਮ ਦੀ ਲੋੜ ਐ...! ਪੈਟਰੋਲ ਆਲ਼ੀ ਬੋਤਲ ਵੀ ਮੇਰੇ ਘਰੇ ਭਰੀ, ਤਿਆਰ ਪਈ ਐ...!" ਸੁਰਿੰਦਰ ਰਾਮ ਮਾਸਟਰ ਨੇ ਪੂਰੇ ਜੋਰ ਨਾਲ਼ ਹਿੱਕ ਥਾਪੜ ਕੇ ਆਪਣੀ 'ਸੇਵਾ' ਪੇਸ਼ ਕੀਤੀ।
-"ਲੈ...! ਇਹਨੇ ਓਦੂੰ ਕੱਛ 'ਚੋਂ ਗੰਧਾਲ਼ਾ ਕੱਢ ਮਾਰਿਆ...!" ਪੂਰਨਾਂ ਖਹਿਰਾ ਬੋਲਿਆ।
-"ਇਹਨਾਂ ਨੂੰ ਪਾਣੀ ਆਲ਼ੀਆਂ ਟੈਂਕੀਆਂ 'ਤੇ ਚੜ੍ਹਨ ਤੋਂ ਬਿਨਾ ਕੋਈ ਕੰਮ ਧੰਦਾ ਈ ਨ੍ਹੀ...! ਗੰਧਾਲ਼ੇ ਨੀ, ਇਹ ਅੱਜ ਕੱਲ੍ਹ ਪੈਟਰੋਲ ਆਲ਼ੀਆਂ ਬੋਤਲਾਂ ਨੂੰ ਈ ਗਰਨੇਟ ਬਣਾਈ ਫ਼ਿਰਦੇ ਐ...!" 
-"ਇਹ ਫ਼ਾਰਮੂਲਾ ਮਾਸਟਰ ਜੀ ਤੁਸੀਂ ਆਪਣੇ ਕੋਲ਼ੇ ਈ ਰੱਖੋ...! ਤੁਸੀਂ ਮਾਸਟਰ ਲਾਣਾਂ ਤਾਂ ਜੇ ਮਿਸਤਰੀ ਮੰਜੀ ਨਾ ਠੋਕਣ ਆਵੇ ਤਾਂ ਟੈਂਕੀ 'ਤੇ ਜਾ ਚੜ੍ਹਦੇ ਐਂ, ਤੇ ਜਾਂ ਜੇ ਕੱਟਾ ਮੱਝ ਚੁੰਘਜੇ, ਪਾਣੀ ਆਲ਼ੀ ਟੈਂਕੀ 'ਤੇ ਚੜ੍ਹਨ ਲੱਗੇ ਫ਼ੋਰਾ ਲਾਉਨੇ ਐਂ...! ਇਹ ਤਾਂ ਹੁਣ ਥੋਨੂੰ ਆਦਤ ਜੀ ਈ ਪੈ ਗਈ...!"
-"ਯਾਰ ਮੈਂ ਇਕ ਜਾਨਵਰਾਂ ਦੀ ਗੱਲ ਦੇਖੀ ਐ...!" ਪਾੜ੍ਹੇ ਨੇ ਹੋਰ ਗੱਲਾਂ ਵੱਲੋਂ ਬੇਧਿਆਨਾਂ ਹੋ ਕੇ ਚਲਾਈ, "ਇਕ ਦਿਨ ਮੈਂ ਟੀ. ਵੀ. 'ਤੇ ਇਕ ਪ੍ਰੋਗਰਾਮ ਦੇਖੀ ਜਾਵਾਂ...! ਜੰਗਲ 'ਚ ਇਕ ਮੱਝ ਦਾ ਕੱਟਾ ਡਿੱਗ ਪਿਆ ਨਦੀ 'ਚ...! ਉਹਦੇ ਮੂਹਰੇ ਨਦੀ 'ਚ ਬੈਠਾ ਮਗਰਮੱਛ...! ਮਗਰਮੱਛ ਦੇ ਮੂੰਹ 'ਚ ਆਉਣ ਤੋਂ ਪਹਿਲਾਂ ਮੱਝ ਨੇ ਕੱਟਰੂ ਨਦੀ 'ਚੋਂ ਬਾਹਰ ਧੂਅ ਲਿਆ ਤੇ ਨਦੀ ਦੇ ਕਿਨਾਰੇ 'ਤੇ ਬਾਹਰ ਖੜ੍ਹਾ ਸ਼ੇਰ...! ਤੇ ਸ਼ੇਰ ਨੇ ਭਾਈ ਕੱਟਰੂ ਨੂੰ ਮੂੰਹ ਪਾ ਲਿਆ...!"
-"ਓਹ-ਹੋ...! ਕਿੱਡਾ ਜਾਲਮ ਐਂ...!"
-"ਮੱਝ ਨੇ ਬਥੇਰਾ ਜੋਰ-ਜੂਰ ਲਾਇਆ, ਪਰ ਉਹਨੇ ਕੱਟਰੂ ਨਾ ਛੱਡਿਆ...! ਫ਼ੇਰ ਮੱਝ ਨੇ ਕੀ ਕੀਤਾ, ਸਿਰਤੋੜ ਜੰਗਲ ਵੱਲ ਨੂੰ ਭੱਜ ਲਈ ਤੇ ਪੰਜ ਕੁ ਮਿੰਟਾਂ 'ਚ ਈ ਸੈਂਕੜੇ ਮੱਝਾਂ 'ਕੱਠੀਆਂ ਕਰ ਲਿਆਈ...!"
-"ਵਾਹ ਜੀ ਵਾਹ...!"
-"ਉਹ ਤਾਂ ਆ ਪਈਆਂ ਫ਼ੌਜ ਦੀ ਛਾਉਣੀ ਵਾਂਗੂੰ...! ਤੇ ਮੱਝਾਂ ਨੇ ਤਾਂ ਪਾ ਦਿੱਤੇ ਖਿਲਾਰੇ...! ਸ਼ੇਰ ਚੱਕ ਲਿਆ ਸਿੰਗਾਂ 'ਤੇ...! ਕਰਤਾ ਲਹੂ-ਲੁਹਾਣ, ਤੇ ਸ਼ੇਰ ਨੂੰ ਤਾਂ ਭੱਜਣ ਨੂੰ ਰਾਹ ਨਾ ਲੱਭੇ...! ਉਹ ਤਾਂ ਜਿੱਧਰ ਭੱਜੇ, ਭੂਸਰੀਆਂ ਮੱਝਾਂ ਮੂਹਰੇ...!"
-"ਜੰਗਲੀ ਜਾਨਵਰ ਹੁੰਦੇ ਤਾਂ ਭੈੜ੍ਹੇ ਐ ਭਾਈ...! ਆਈ 'ਤੇ ਆ ਜਾਣ ਤਾਂ ਪਾੜ ਧਰਦੇ ਐ...!"
-"ਪਰ ਸਰਪੰਚ ਸਾਹਿਬ...!" ਪਾੜ੍ਹੇ ਨੇ ਮਨ ਦੀ ਗੱਲ ਸਾਂਝੀ ਕਰਨੀ ਚਾਹੀ, "ਮੈਨੂੰ ਇਕ ਗੱਲ ਦੀ ਸਮਝ ਨੀ ਆਈ, ਬਈ ਉਹਨੇ ਕਿਹੜੀ ਭਾਸ਼ਾ 'ਚ ਜਾ ਕੇ ਦੂਜੀਆਂ ਮੱਝਾਂ ਨੂੰ ਸਮਝਾਇਆ ਹੋਊ...? ਬੋਲਣਾਂ ਤਾਂ ਮੱਝਾਂ ਨੂੰ ਆਉਂਦਾ ਨੀ...!"
-"ਬਈ ਰੱਬ ਜਾਣੇ...! ਇਹ ਤਾਂ ਰੱਬ ਵੱਲੋਂ ਈ ਐਂ ਗੁਣ ਐਂ ਕੋਈ...! ਫ਼ੇਰ ਕੱਟਰੂ ਛੁਡਾ ਲਿਆ...?"
-"ਹਾਂ...! ਜ਼ਖ਼ਮੀ ਤਾਂ ਦਿੱਤਾ ਉਹਨੇ ਕਰ ਬਹੁਤ...! ਪਰ ਕੱਟਰੂ ਛੁਡਾ ਲਿਆ...!"
-"ਕਿਆ ਬਾਤ ਐ...! ਮਾਂ ਤਾਂ ਫ਼ੇਰ ਮਾਂ ਈ ਹੁੰਦੀ ਐ ਬਈ...! ਜਿਹੜੀਆਂ ਜੁਆਕਾਂ ਦੀ ਪ੍ਰਵਾਹ ਨੀ ਕਰਦੀਆਂ, ਲੋਕ ਉਹਨਾਂ ਨੂੰ ਡੈਣਾਂ ਆਖਦੇ ਐ...! ਐਥੇ ਤਾਂ ਆਬਦੇ ਜੁਆਕ ਛੱਡ ਕੇ ਪੇਕੀਂ ਜਾ ਵੜਦੀਐਂ...!"
-"ਮੈਨੂੰ ਭਾਸ਼ਾ ਤੋਂ ਗੱਲ ਯਾਦ ਆਗੀ...! ਤੁਸੀਂ ਭਾਸ਼ਾ ਦੀ ਬਾਤ ਸੁਣ ਲਓ...!" ਅਮਲੀ ਨੇ ਆਪਣੀ ਵਾਰੀ ਲਈ, "ਆਹ ਜਿੱਦਣ ਮਰਦਮ-ਸ਼ਮਾਰੀ ਆਲ਼ੇ ਆਏ ਸੀ, ਉਹ ਸਾਲ਼ੇ ਮੈਨੂੰ ਪੁੱਛੀ ਜਾਣ, ਅਖੇ ਅਮਲੀ ਜੀ, ਆਪ ਕੀ ਆਯੂ ਕਿਤਨੀ ਹੈ...? ਮੈਖਿਆ, ਬੱਤੀਆਂ ਕੁ ਸਾਲਾਂ ਦੀ ਹੋਣੀਂ ਐ ਤੇ ਪੰਜਾਂ ਕੁ ਸਾਲਾਂ ਨੂੰ ਮੈਨੂੰ ਤੇਤੀਮਾਂ ਲੱਗ ਜਾਣੈਂ...! ਚੁੱਪ ਕਰ ਕੇ ਮੁੜਗੇ...! ਬਈ ਦੱਸੋ ਸਾਲ਼ਿਓ, ਤੁਸੀਂ ਮੇਰੀ ਆਯੂ ਪੁੱਛ ਕੇ ਮੇਰੇ ਨਾਲ਼ 'ਨੰਦ-ਕਾਜ' ਕਰਨੈਂ...?" ਅਮਲੀ ਦੇ ਕਹਿਣ 'ਤੇ ਫ਼ਿਰ ਹਾਸਾ ਪੈ ਗਿਆ।
-"ਤੁਸੀਂ ਓਸ ਗੱਲ ਵੱਲ ਆਓ, ਜਿਹੜੀ ਵਾਸਤੇ 'ਕੱਠੇ ਹੋਏ ਐਂ...!" ਸਰਪੰਚ ਬੋਲਿਆ। ਉਹ ਅਵਲ਼ੀਆਂ-ਸਵਲ਼ੀਆਂ ਗੱਲਾਂ ਤੋਂ ਅੱਕ ਗਿਆ ਸੀ।
-"ਇਹਦਾ ਇੱਕ ਹੱਲ ਹੈਗਾ ਸਰਪੈਂਚ ਜੀ...!" ਪਿੱਲਾ ਦਰਜੀ ਬੋਲਿਆ। ਉਸ ਦੀ ਅਵਾਜ਼ ਬਿੰਡੇ ਵਾਂਗ ਟਿਆਂਕੀ ਸੀ।
-"ਦੱਸ਼...?"
-"ਉਹ ਜਿਹੜਾ ਛੰਜੇ ਗਾਂਧੀ ਨੇ ਕੰਮ ਜਿਆ ਤੋਰਿਆ ਸੀ, ਬੰਦਿਆਂ ਦੇ 'ਪਰੇਸ਼ਨ ਕਰਨ ਆਲ਼ਾ...? ਆਪਾਂ ਉਹੀ ਕੰਮ ਕੁੱਤਿਆਂ ਦਾ ਕਿਉਂ ਨ੍ਹੀ ਕਰਦੇ...?"
-"ਲੈ, ਹੋਰ ਕਾਹਨੂੰ ਕੰਮ ਐਂ ਸਾਨੂੰ ਕੋਈ...!" ਕਿਸੇ ਨੇ ਨੱਕ ਚਾੜ੍ਹਿਆ।
-"ਫ਼ੇਰ ਪੜਵਾਈ ਚੱਲੋ ਲੱਤਾਂ...! ਕੋਈ ਬਾਨ੍ਹ ਐਂ...?" 
ਸਾਰੇ ਇੱਕ-ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਏ।
-"ਗੱਲ ਪਿੱਲੇ ਦੀ ਵੀ ਠੀਕ ਐ...! ਪਰ ਨਸਬੰਦੀ ਲਈ ਪ੍ਰਸ਼ਾਸਨ ਨਾਲ਼ ਗੱਲ ਕਰਨੀ ਪਊ...!"
-"ਦੇਖੋ ਜੀ...!" ਪਿੱਲੇ ਨੇ ਫ਼ੇਰ ਵਾਰੀ ਲਈ।
-"ਆਹ ਹੱਡਾਂਰੋੜੀ ਵੱਲੀਂ ਕਤੂਰਿਆਂ ਦੀਆਂ ਡਾਰਾਂ ਦੀਆਂ ਡਾਰਾਂ ਈ ਫ਼ਿਰਦੀਐਂ...! ਇਹਨਾਂ ਨੇ ਵੱਡੇ ਹੋ ਕੇ ਵਾਰਦਾਤਾਂ ਈ ਕਰਨੀਐਂ...? ਉਹਨਾਂ ਨੂੰ ਪਾਓ ਕੁੱਤੇ ਮਾਰਨ ਆਲ਼ੀ ਦੁਆਈ ਤੇ ਬਾਕੀਆਂ ਦਾ ਕਰੋ ਓਸ ਗੱਲ ਦੇ ਆਖਣ ਮਾਂਗੂੰ, 'ਪਰੇਸ਼ਨ...!"
-"ਇਹ ਤਾਂ ਪਾਪ ਐ ਬਈ...!" ਗੁਰਦਿਆਲ ਸਿਉਂ ਗ੍ਰੰਥੀ ਬੋਲਿਆ।
-"ਫ਼ੇਰ ਗ੍ਰੰਥੀ ਜੀ ਉਹਨਾਂ ਨੂੰ ਆਪਣੇ ਗ੍ਰਹਿ ਵਿਖੇ ਲੈ ਆਓ...! ਰੱਬ ਦੇ ਜੀਅ ਐ...!" ਪਿੱਲਾ ਵੱਟ ਖਾ ਗਿਆ।
ਗ੍ਰੰਥੀ ਉਠ ਕੇ ਤੁਰ ਚੱਲਿਆ।
ਸੱਚੀ ਗੱਲ ਉਸ ਦੇ ਡਾਂਗ ਵਾਂਗ ਸਿਰ ਵਿਚ ਵੱਜੀ ਸੀ।
ਹਫ਼ਤੇ ਦੇ ਵਿਚ-ਵਿਚ ਪ੍ਰਸ਼ਾਸਨ ਨਾਲ਼ ਗੱਲ-ਬਾਤ ਹੋ ਗਈ।
-"ਜੇ ਤੁਸੀਂ ਸਾਨੂੰ ਇਕ-ਦੋ ਸਹਿਯੋਗੀ ਬੰਦੇ ਦੇ ਦਿਓਂ ਤਾਂ ਸਾਡਾ ਕੰਮ ਸੌਖਾ ਹੋਜੇ...!" ਕਰਮਚਾਰੀ ਨੇ ਕਿਹਾ।
-"ਅਸੀਂ ਸਾਰਾ ਪਿੰਡ ਹਾਜ਼ਰ ਆਂ ਜੀ...!" ਸਾਧੂ ਘੈਂਟ ਨੇ ਹਿੱਕ ਠੋਕ ਦਿੱਤੀ।
ਅਗਲੇ ਦਿਨ ਪ੍ਰਸ਼ਾਸਨ ਵਾਲ਼ੇ ਵੈਨ ਲੈ ਕੇ ਪਿੰਡ ਆ ਗਏ।
-"ਹਾਂ ਬਈ..! ਪ੍ਰਸ਼ਾਸਨ ਵਾਲ਼ਿਆਂ ਨਾਲ਼ ਕਿਹੜੇ ਕਿਹੜੇ ਤਿਆਰ ਐ...?" ਸਰਪੰਚ ਨੇ ਸਾਰੇ ਪਿੰਡ ਵੱਲ ਬੇਥਵੀ ਗੱਲ ਸੁੱਟੀ।
-"ਇਕ ਤਾਂ ਮੈਂ ਤਿਆਰ ਆਂ ਜੀ, ਸਰਪੈਂਚ ਜੀ...!" ਅਮਲੀ ਧਰਤੀ ਤੋਂ ਗਜ ਉੱਚਾ ਹੋ ਕੇ ਬੋਲਿਆ।
ਤਿੰਨ ਚਾਰ ਉਸ ਨਾਲ਼ ਹੋਰ ਉਹਦੇ ਵਰਗੇ ਹੀ ਤਿਆਰ ਹੋ ਗਏ।
ਅਮਲੀ ਕੋਲ਼ ਗੋਲ਼ ਜਿਹਾ ਜਾਲ਼ ਫ਼ੜਿਆ ਹੋਇਆ ਸੀ। ਉਹ ਕੁੱਤੇ ਨੂੰ ਬੁਛਕਾਰ ਕੇ ਬਿਸਕੁਟ ਪਾਉਂਦਾ ਅਤੇ ਆਪਣਾ ਜਾਲ਼ ਸੁੱਟਦਾ। ਜਦ ਕੁੱਤਾ ਜਾਲ਼ ਵਿਚ ਆ ਫ਼ਸਦਾ ਤਾਂ ਪ੍ਰਸ਼ਾਸਨ ਵਾਲ਼ੇ ਉਸ ਦੇ ਜਬਰੀ ਬੇਹੋਸ਼ੀ ਵਾਲ਼ਾ ਟੀਕਾ ਲਾ ਕੇ ਆਪਣੀ ਵੈਨ ਵਿਚ ਸੁੱਟ ਲੈਂਦੇ। 
ਅਮਲੀ ਕਮਾਂਡ ਕਰਨ ਵਾਲ਼ਿਆਂ ਵਾਂਗ ਅੱਗੇ ਅੱਗੇ ਜਾਲ਼ ਫ਼ੜੀ ਤੁਰਿਆ ਜਾ ਰਿਹਾ ਸੀ। ਜੇ ਉਸ ਨੂੰ ਕੋਈ ਕੁੱਤਾ ਦਿਸਦਾ ਤਾਂ ਉਹ ਉਸ ਅੱਗੇ ਜਾ ਕੇ ਰਹਿਮ ਦੀ ਨਜ਼ਰ ਜਿਹੀ ਨਾਲ਼ ਝਾਕਦਾ, ਗਿੱਦੜਮਾਰ ਜਿਹੀਆਂ ਗੱਲਾਂ ਸ਼ੁਰੂ ਕਰ ਦਿੰਦਾ, "ਆ ਜਾ...! ਆ ਜਾਹ ਬੇਲੀ ਮੇਰਿਆ..!! ਬਥੇਰੇ ਲਾਡ ਲਡਾ ਲਏ ਤੂੰ ਵੀ..! ਸਾਲ਼ਿਆ ਪੈਂਤੀ ਕਤੂਰਿਆਂ ਦਾ ਪਿਉ ਤੇ ਪੰਦਰਾਂ ਕੁੱਤੀਆਂ ਦਾ ਬਣਕੇ ਖ਼ਸਮ ਚੰਦ, ਹੁਣ ਸਾਨੂੰ ਆਕੜ-ਆਕੜ ਦਿਖਾਉਨੈਂ...? ਆ ਜਾਹ...! ਅੱਜ ਲਿਆਂਦੀ ਤੈਨੂੰ ਖੱਸੀ ਕਰਨ ਆਲ਼ੀ ਮੋਟਰ...! ਇਹ ਲਾਉਣਗੇ ਤੇਰੇ ਖੁਰੀਆਂ...! ਹਲਾਲ ਕਰਨਗੇ ਤੇਰੀ ਉਹ ਨਾੜ, ਜਿਹੜੀ ਸਿਆਪੇ ਹੱਥੀ ਐ...! ਸਾਲ਼ਿਆਂ ਨੇ ਜੰਮ-ਜੰਮ ਕੇ ਛਾਉਣੀ ਬਣਾ ਧਰੀ...! ਕੀ ਹੋ ਗਿਆ ਰੱਬ ਨੇ ਸਾਨੂੰ ਇਕ ਵੀ ਜੁਆਕ ਜੰਮਣ ਆਲ਼ੀ ਨੀ ਦਿੱਤੀ...? ਪਰ ਪੁੱਤ ਹੁਣ 'ਭਾਅਪਾ ਜੀ' ਬਣਨ ਜੋਗਾ ਤੈਨੂੰ ਅਸੀਂ ਵੀ ਨੀ ਛੱਡਣਾ...! ਕਰ ਲੈ ਖੜ੍ਹ ਕੇ ਜਿਹੜੇ ਅਛਨੇ-ਪਛਨੇ ਕਰਨੇ ਐਂ...! ਦੇ ਲੈ ਰੋਹਬ...! ਪਤਾ ਤਾਂ ਉਦੋਂ ਲੱਗੂ, ਜਦੋਂ ਬੇਸੁਰਤੀ ਤੋਂ ਬਾਅਦ ਸੁਰਤ ਟਿਕਾਣੇਂ ਆਈ...! ਫ਼ੇਰ ਖੁਦਕਸ਼ੀ ਕਰਦਾ ਫ਼ਿਰੇਂਗਾ, ਬਈ ਮੈਂ ਆਬਦੀ ਪਤਨੀ ਪ੍ਰਮੇਸ਼ਰੀ ਜੋਕਰਾ ਨੀ ਰਿਹਾ...! ਜੇ ਇੱਕ ਅੱਧੀ ਹੋਵੇ ਤਾਂ ਜਰ ਵੀ ਲਈਏ...? ਪਰ ਤੂੰ ਤਾਂ ਬਣਿਆਂ ਫ਼ਿਰਦੈਂ ਸਾਊਦੀ ਅਰਬ ਦਾ ਸ਼ੇਖ਼...!"
ਪ੍ਰਸ਼ਾਸਨ ਵਾਲ਼ੇ ਹੱਸਦੇ ਲੋਟ-ਪੋਟ ਹੋ ਰਹੇ ਸਨ।
-"ਪਾਪ ਤਾਂ ਅਸੀਂ ਵੀ ਨ੍ਹੀ ਸੀ ਕਰਨਾ...! ਪਰ ਤੁਸੀਂ ਸਾਲ਼ਿਓ ਸਾਨੂੰ ਈ ਗੱਬਰ ਸਿੰਘ ਬਣ-ਬਣ ਦਿਖਾਉਣ ਲੱਗਪੇ...! ਕਦੇ ਕਿਸੇ ਦੇ ਮੂੰਹ ਨੂੰ ਪੈਗੇ ਤੇ ਕਦੇ ਕਿਸੇ ਦੀ ਗੱਲ੍ਹ ਨੂੰ ਚਿੰਬੜਗੇ, ਜਿਵੇਂ ਸੱਤ ਫ਼ੇਰੇ ਲਏ ਹੁੰਦੇ ਐ...! ਤੁਸੀਂ ਤਾ ਲੱਗ ਗਏ ਸੀ ਟਾਹਲੀਆਂ ਵਿਹੁ ਕਰਨ..! ਕੁੱਤੀਆਂ ਨਾਲ਼ ਥੋਡਾ ਸਰਿਆ ਨਾ, ਤੁਸੀਂ ਤਾਂ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਜਾ ਚਿੰਬੜੇ...! ਸਾਲ਼ੀ ਕੋਈ ਹਾਅਥ ਈ ਨੀ ਰਹੀ ਥੋਨੂੰ...! ਊਂ ਈਂ ਹਲ਼ਕ ਤੁਰੇ...! ਨਾਸਾਂ 'ਚ ਦਮ ਈ ਐਨਾਂ ਕੀਤਾ ਪਿਐ, ਬੱਸ ਈ ਕੋਈ ਨੀ ਰਿਹਾ...!"
-"ਅਮਲੀਆ, ਇਹ ਓਹੀ ਐ, ਜਿਹੜਾ ਧੋਨੀ ਕੀ ਨੂੰਹ ਦੇ ਮੂੰਹ ਨੂੰ ਪਿਆ ਸੀ...!" ਨਾਲ਼ ਦੇ ਨੇ ਹੋਰ ਫ਼ੋਕੀ ਸਿੰਗੜੀ ਛੇੜ ਦਿੱਤੀ।
-"ਆ ਜਾਹ ਤੂੰ ਤਾਂ ਬਈ ਮੋਤੀ ਸਿਆਂ...! ਤੇਰੀ ਤਾਂ ਮੈਂ ਬਹੁਤ ਚਿਰ ਦਾ ਭਾਲ਼ 'ਚ ਤੁਰਿਆ ਫ਼ਿਰਦੈਂ...! ਤੇਰਾ ਤਾਂ ਕਰ ਦਿਆਂਗੇ ਸਿਗਨਲ ਫ਼ੱਟੜ ਅੱਜ਼...! ਤੂੰ ਤਾ ਕੁੜੀ ਯਾਹਵੇ ਦਿਆ ਸਾਰੇ ਬਾਡਰ ਈ ਟੱਪ ਗਿਆ...? ਇਕ ਚੋਰੀ ਤੇ ਉਤੋਂ ਸੀਨਾਂ ਜੋਰੀ..! ਲੈ ਡਾਕਧਾਰ ਸਾਹਬ...! ਪਰੇਸ਼ਨ ਕਰਨ ਆਲ਼ਾ ਚਿਮਟਾ ਜਿਆ ਤੁਸੀਂ ਮੈਨੂੰ ਫ਼ੜਾਇਓ, ਇਹਦਾ ਕਲਿਆਣ ਦੇਖਿਓ ਮੈਂ ਕਿਵੇਂ ਕਰਦੈਂ..! ਜਣੀਂ ਖਣੀਂ ਦੇ ਮੂੰਹ ਨੂੰ ਜਾ ਚਿੰਬੜਨਾ, ਕੋਈ ਰਾਹ ਐ...? ਡਾਕਧਾਰ ਜੀ, ਅੱਬਲ ਤਾਂ ਮੈਨੂੰ ਇਹਦਾ ਕੰਮ ਜੜਾਂ 'ਚੋਂ ਈ ਕਰ ਲੈਣ ਦਿਓ...? ਇਹ ਸਾਲ਼ਾ ਮੈਨੂੰ ਜਾਅਦੇ ਚਾਂਭਲ਼ਿਆ ਲੱਗਦੈ..? ਸਾਲ਼ਾ ਹੈ ਤਾਂ ਸੋਹਣਾਂ-ਸੁਨੱਖਾ...! ਕਿਸੇ ਕੁੱਤੀ ਨੇ ਇਹਨੂੰ ਨਾਂਹ-ਨੁੱਕਰ ਨੀ ਕੀਤੀ ਹੋਣੀ, ਤੇ ਸਾਲ਼ਾ ਜਾ ਕੇ ਬੁੜ੍ਹੀਆਂ-ਕੁੜੀਆਂ 'ਤੇ ਵੀ ਟਰਾਈਆਂ ਮਾਰਨ ਲੱਗ ਪਿਆ...? ਲੱਗ ਪਿਆ ਕਰਨ ਟੈਛਟ...!" ਅਮਲੀ ਨੇ ਜਾਲ਼ ਉਸ ਦੇ ਗਲ਼ 'ਚ ਜਾ ਪਾਇਆ। 
ਕੁੱਤਾ ਧੁਰਲ਼ੀਆਂ ਜਿਹੀਆਂ ਮਾਰ ਰਿਹਾ ਸੀ।
-"ਸਾਲ਼ਿਆ ਬਹਿੜਕਿਆਂ ਦਿਆ...! ਤੈਨੂੰ ਐਸ ਅੜੰਗੇ ਦਾ ਤਾਂ ਪਤਾ ਈ ਨੀ ਸੀ...! ਤੂੰ ਤਾਂ ਬਣਿਆਂ ਫ਼ਿਰਦਾ ਸੀ ਬਿਨ-ਲਾਦਨ ਸਾਡੇ 'ਤੇ..! ਦੱਸੋ ਗੌਰਮਿੰਟ ਜੀ, ਇਹਨੂੰ ਕਿਹੜੇ ਖੂੰਜੇ ਰੱਖਣੈਂ...? ਇਹ ਤਾਂ ਮੇਰਾ ਸ਼ਿਕਾਰ ਐ...! ਅਬ ਤੇਰਾ ਕਿਆ ਹੋਗਾ ਕਾਲ਼ਿਆ...?"
-"ਅਮਲੀਆ, ਕਿਤੇ ਇਹਦਾ ਸ਼ਿਕਾਰ ਕਰਦਾ ਕਰਦਾ ਕਿਤੇ ਤੂੰ ਨਾ ਦੋਨੋਂ ਜਹਾਨ ਸਫ਼ਲੇ ਕਰ ਜਾਈਂ...!" ਕਿਸੇ ਨੇ ਕਿਹਾ।
-"ਇਹ ਕੌਣ ਐਂ ਬਈ...?" ਅਮਲੀ ਨੇ ਬਾਜ਼ ਵਰਗੀ ਨਜ਼ਰ ਦਾ ਚਾਰੇ ਪਾਸੇ ਗੇੜਾ ਦਿੱਤਾ। ਪਰ ਮੁੜ ਕੇ ਕੋਈ ਨਾ ਬੋਲਿਆ।
-"ਥੋਡਾ ਕੰਮ ਐਂ ਚੰਗੇ ਭਲੇ ਬੰਦੇ ਨੂੰ ਥਿੜਕਾਉਣਾਂ...!"
-"ਕੁੱਤਿਆਂ ਤੋਂ ਬਾਅਦ ਕਿਤੇ ਤੇਰੀ ਵਾਰੀ ਨਾ ਆਜੇ ਅਮਲੀਆ...! ਕਿਤੇ ਤੈਨੂੰ ਵੀ ਨਾ ਖੱਸੀ ਕਰ ਮਾਰਨ...!" ਲੱਛੇ ਕੂਕੇ ਨੇ ਕਿਹਾ।
-"ਵੱਡੇ ਭਾਈ...! ਅਖੇ ਅੰਨ੍ਹਿਆਂ ਸੌਂ ਜਾ...! ਉਹ ਹੱਸ ਕੇ ਕਹਿੰਦਾ, ਚੁੱਪ ਈ ਕਰ ਜਾਣੈਂ...! ਸਾਡਾ ਕੀ ਐ...? ਅਸੀਂ ਤਾਂ ਜਿਹੋ ਜੇ ਐਸ ਜਹਾਨ ਤੇ ਆਏ, ਤੇ ਜਿਹੋ ਜਿਆ ਨਾ ਆਏ...!" ਅਮਲੀ ਦੇ ਅੰਦਰੋਂ ਉਸ ਦੀ ਲੰਮੀ ਜ਼ਿੰਦਗੀ ਦੀ ਚੀਸ ਬੋਲੀ।
-"ਅਮਲੀਆ..! ਤੂੰ ਬੰਦੇ ਫ਼ੜਦਾ ਫ਼ੜਦਾ ਕੁੱਤੇ ਕਦੋਂ ਕੁ ਤੋਂ ਫ਼ੜਨ ਲੱਗ ਪਿਆ...?" ਕਿਸੇ ਹੋਰ ਨੇ ਰਾਹ ਜਾਂਦਿਆਂ ਸਿੰਗੜੀ ਛੇੜ ਦਿੱਤੀ।
-"ਜਦੋਂ ਤੋਂ ਲੋੜ ਪੈ ਗਈ ਬਾਈ...! ਅਜੇ ਤਾਂ ਮੈਂ ਸੱਪ ਫ਼ੜਨ ਲੱਗਣੈਂ, ਸੱਪ...! ਤੇ ਉਹ ਵੀ ਤੇਰੇ ਅਰਗੇ ਕੌਡੀਆਂ ਆਲ਼ੇ...! ਉਏ ਜੇ ਥੋਨੂੰ ਨੀ ਧੀਆਂ-ਭੈਣਾਂ ਦਾ ਦਰਦ, ਸਾਨੂੰ ਤਾਂ ਹੈ...! ਨਾਲ਼ੇ ਸ਼ਰਮ ਤਾਂ ਥੋਨੂੰ ਆਉਣੀ ਚਾਹੀਦੀ ਐ...! ਮੇਰੇ ਤਾਂ ਨਾ ਰੰਨ ਤੇ ਨਾ ਕੰਨ..! ਪੈਂਦੇ ਤਾਂ ਇਹ ਥੋਡੀਆਂ ਨੂੰ ਐਂ...! ਫ਼ੜਨੇਂ ਤਾਂ ਇਹ ਥੋਨੂੰ ਚਾਹੀਦੇ ਐ, ਪਰ ਫ਼ੜੀ ਜਾਨੈਂ, ਮੈਂ..! ਜਿਹੜਾ ਹੈ ਵੀ ਬੋਤੇ ਦੀ ਪੂਛ ਅਰਗਾ 'ਕੱਲਾ...!"
ਕੁੱਤੇ ਫ਼ੜਨ ਦੀ ਸਾਰੀ ਕਾਰਵਾਈ ਕਰਕੇ ਸ਼ਾਮ ਤੱਕ ਪ੍ਰਸ਼ਾਸਨ ਵਾਲ਼ੇ ਵਿਹਲੇ ਹੋ ਗਏ।
-"ਸਰਪੈਂਚ ਸਾਹਿਬ...! ਜੇ ਤੁਸੀਂ ਹਾਂਮੀਂ ਭਰੋਂ ਤਾਂ ਅਸੀਂ ਅਮਲੀ ਨੂੰ ਪੱਕੀ ਨੌਕਰੀ ਦੇ ਸਕਦੇ ਐਂ...!" ਪ੍ਰਸ਼ਾਸਨ ਦੇ ਕਰਮਚਾਰੀ ਨੇ ਕਿਹਾ।
-"ਤੇ ਜਦੋਂ 'ਲਾਕੇ ਦੇ ਕੁੱਤੇ ਮੁੱਕ ਗਏ ਸਰਕਾਰ ਜੀ, ਫ਼ੇਰ...?" ਅਮਲੀ ਨੇ ਅਗਲਾ ਡਰ ਜ਼ਾਹਿਰ ਕੀਤਾ।
-"ਫ਼ੇਰ ਬੰਦਿਆਂ 'ਤੇ ਹੋਜਾਂਗੇ...! ਬੰਦੇ ਵੀ ਅੱਜ ਕੱਲ੍ਹ ਹਟ ਕੁੱਤੀਏ ਨੀ ਕਹਿਣ ਦਿੰਦੇ...! ਆਏ ਸਾਲ ਜੁਆਕ ਪਾਥੀ ਮਾਂਗੂੰ ਪੱਥ ਧਰਦੇ ਐ...!"
ਹਾਸਾ ਮੱਚ ਗਿਆ।
-"ਕੁੱਤਿਆਂ ਆਲ਼ਾ ਕੰਮ ਤਾਂ ਮੈਂ ਮੁਖ਼ਤ ਕਰਨ ਨੂੰ ਤਿਆਰ ਐਂ ਜੀ...! ਇਹਨਾਂ ਨੇ ਤਾਂ ਅੱਤ ਈ ਚੱਕ ਲਈ ਸੀ...!"
-"ਚੱਲ ਕੋਈ ਨਾ...! ਨਾਲ਼ੇ ਕੰਮ ਕਰੀ ਚੱਲ ਤੇ ਨਾਲ਼ੇ ਪੈਸੇ ਲਈ ਚੱਲ਼...!" ਸਰਪੰਚ ਨੇ ਕਿਹਾ।
-"ਚਲੋ...! ਜਿਵੇਂ ਤੂੰ ਲੋਟ ਸਮਝੇਂ ਸਰਪੈਂਚਾ...!"
ਅਮਲੀ ਉਹਨਾਂ ਦੇ ਨਾਲ਼ ਤੁਰ ਗਿਆ। ਉਸ ਨੂੰ ਪੱਕੀ ਨੌਕਰੀ ਦੇ ਦਿੱਤੀ ਗਈ।

ਚਿੰਤਾ.......... ਮਿੰਨੀ ਕਹਾਣੀ / ਧਰਮਿੰਦਰ ਭੰਗੂ


ਦੁਨੀਆਂ ਭਰ ਵਿੱਚ ਵੱਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਪ੍ਰਤੀ 'ਚਿੰਤਤ' ਇੱਕ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਉੱਚ ਸਰਕਾਰੀ ਨੁਮਾਇੰਦੇ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਸੰਸਥਾ ਦੇ ਪ੍ਰਬੰਧਕਾਂ ਦੀ ਇਸ ਪਹਿਲ ਲਈ ਭਰਪੂਰ ਸ਼ਲਾਘਾ ਹੋਈ। ਸਮਾਗਮ ਵਿੱਚਲੇ ਖਾਣਪੀਣ ਦੇ ਪ੍ਰਬੰਧਾਂ ਨੇ ਪ੍ਰਬੰਧਕਾਂ ਦੀ ਖੂਬ ਬੱਲੇ ਬੱਲੇ ਕਰਵਾਈ। ਅਗਲੇ ਦਿਨ ਦੇ ਅਖ਼ਬਾਰਾਂ ਵਿੱਚ ਇਸ ਸਮਾਗਮ ਬਾਰੇ ਮੋਟੀਆਂ ਸੁਰਖੀਆਂ ਵਿੱਚ ਖ਼ਬਰਾਂ ਸਨ, ਅਹੁਦੇਦਾਰ ਇੱਕ ਦੂਜੇ ਨੂੰ ਸਮਾਗਮ ਦੀ ਸਫ਼ਲਤਾ ਦੀਆਂ ਵਧਾਈਆਂ ਦੇ ਰਹੇ ਸਨ। ..... ਅਤੇ ਸਮਾਗਮ ਵਾਲੀ ਥਾਂ ਖਿਲਰੇ ਪਲਾਸਟਿਕ ਦੇ ਗਲਾਸ ਤੇ ਪਲੇਟਾਂ ਚਿੰਤਤ ਸੰਸਥਾ ਦੀ 'ਚਿੰਤਾ' ਤੇ ਸੁਹਿਰਦਤਾ ਪ੍ਰਤੀ ਪ੍ਰਸ਼ਨਚਿੰਨ੍ਹ ਖੜ੍ਹੇ ਕਰ ਰਹੇ ਸਨ। 

ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ ਹੈ!.......... ਵਿਅੰਗ / ਸਿ਼ਵਚਰਨ ਜੱਗੀ ਕੁੱਸਾ

ਕਿਸੇ ਮੇਰੇ ਵਰਗੇ ਨੇ ਕਿਸੇ 'ਸਿਆਣੇ' ਨੂੰ ਪੁੱਛਿਆ...ਅਖੇ ਯਾਰ ਜੀਹਨੂੰ ਸੁਣਦਾ ਨੀ ਹੁੰਦਾ..ਉਹਨੂੰ 'ਕੀ' ਆਖਦੇ ਹੁੰਦੇ ਐ...? ਅਗਲਾ ਕਹਿੰਦਾ ਭਾਈ ਉਹਨੂੰ ਤਾਂ ਬਿਚਾਰੇ ਨੂੰ 'ਜੋ ਮਰਜ਼ੀ' ਆਖੀ ਚੱਲੋ...ਉਹਨੂੰ ਕਿਹੜਾ ਸੁਣਨੈਂ...? ਪੁੱਛਣਾਂ ਤਾਂ ਉਹ ਵਿਚਾਰਾ 'ਬੋਲ਼ੇ' ਬਾਰੇ ਚਾਹੁੰਦਾ ਸੀ, ਪਰ ਉਸ ਨੂੰ ਉੱਤਰ ਹੀ 'ਹੋਰ' ਮਿਲ਼ ਗਿਆ! ਕਈ ਵਾਰ ਤੁਸੀਂ ਕਿਸੇ ਨੂੰ ਪਿਆਰ ਸਤਿਕਾਰ ਨਾਲ਼ ਸਮਝਾਉਣ ਦੀ ਕੋਸਿ਼ਸ਼ ਕਰਦੇ ਹੋ, ਪਰ ਮੱਝ ਅੱਗੇ ਵੰਝਲੀ ਵਜਾਉਣ ਦਾ ਕੀ ਫ਼ਾਇਦਾ..? ਉਸ ਸਹੁਰੀ ਕਮਲ਼ੀ ਨੂੰ ਸੁਰਾਂ ਦਾ ਨਹੀਂ ਪਤਾ ਹੁੰਦਾ! ਉਸ ਨੂੰ ਤਾਂ ਗੋਹੇ ਨਾਲ਼ ਲਿੱਬੜੀ ਪੂਛ ਘੁੰਮਾ ਕੇ ਤੁਹਾਡੇ ਮੂੰਹ 'ਤੇ ਹੀ ਮਾਰਨ ਨਾਲ਼ ਲੱਜਤ ਆਉਂਦੀ ਹੈ..! ਕੀ ਕਰੀਏ..? ਮੱਝ ਦੀ ਇਸੇ ਵਿਚ ਈ ਖ਼ੁਸ਼ੀ ਹੈ! ਪਰ ਮੈਨੂੰ ਉਮੀਦ ਐ ਬਈ ਜਿੰਨਾਂ ਚਿਰ ਕਿਸੇ ਦੀ ਗਿੱਚੀ 'ਚ 'ਚਿੱਬ' ਨਾ ਪਵੇ, ਉਹਨੂੰ 'ਸੁਰਤ' ਨਹੀਂ ਆਉਂਦੀ..! ਪਰ ਚੁੱਪ ਚਾਪ ਕਿਰਤ ਕਰਨੀ ਈ ਚੰਗੀ ਐ ਭਾਈ! ....ਨਾਲ਼ੇ ਮਲਵਈ ਤਾਂ ਕੰਮ 'ਤੇ ਈ ਲੋਟ ਐ..! ਵਿਹਲੇ ਹੋਣਗੇ ਤਾਂ ਕੋਈ ਘਤਿੱਤ ਈ ਕਰਨਗੇ...! ਕੋਈ ਕਵੀ ਸ਼ੇਅਰ ਗਾ ਰਿਹਾ ਸੀ, "ਅਗਰ ਚਾਂਦ ਨਾ ਹੋਤੇ ਤੋ ਸਿਤਾਰੇ ਨਾ ਹੋਤੇ..!" ਦੂਜੇ ਪਾਸੇ ਮਰਾਸੀ ਸੁਣਦਾ ਸੀ। ਉਹ ਬਰਾਬਰ ਬੋਲ ਉਠਿਆ, "ਥੋਡੀ ਬੁੜ੍ਹੀ ਨਾ ਹੋਤੀ, ਤੁਸੀਂ ਸਾਰੇ ਨਾ ਹੋਤੇ..!"
ਹੁਣ ਤੁਸੀਂ ਕੁੱਟਣ ਘੜ੍ਹੀਸਣ ਦੀ ਗੱਲ ਸੁਣ ਲਓ..! ਕਿਤੇ ਵੋਟਾਂ ਵੇਲੇ ਕਿਸੇ ਠਾਣੇਦਾਰ ਨੂੰ ਲੋਕਾਂ ਨੇ ਕਿਸੇ ਗੱਲੋਂ 'ਬੋਕ' ਬਣਾਂ ਲਿਆ ਤੇ 'ਥਾਪੜ-ਥਪੜਾਓ' ਕਰ ਦਿੱਤਾ...! ਸਿਪਾਹੀ ਤਿੱਤਰ ਹੋ ਗਏ....! ਹੋਣਾਂ ਈ ਸੀ..! ਕੁੱਟਣ ਵਾਲ਼ੇ ਕਿਹੜਾ ਉਹਨਾਂ ਦੀ ਭੂਆ ਦੇ ਮੁੰਡੇ ਸੀ...? ਤੇ ਭਾਈ ਲੋਕ ਉਹਨੂੰ ਕੁੱਟਣੋਂ ਨਾ ਹਟਣ...! ਦੋ ਆਜੜੀ ਵਿਚਾਰੇ ਨੇੜੇ ਬੱਕਰੀਆਂ ਚਾਰ ਰਹੇ ਸੀ..! ਤਾਇਆ ਅਤੇ ਭਤੀਜਾ..! ਭਤੀਜੇ ਨੇ ਰੌਲਾ ਪਾਇਆ, "ਉਏ ਕਮਲਿ਼ਆ ਪਿੰਡਾ...ਜੇ ਇਹ ਮਰ ਗਿਆ...ਸਾਰਾ ਪਿੰਡ ਫਾਹੇ ਆਜੂ, 'ਗੌਰਮਿਲਟੀ' ਬੰਦੈ....!" ਫੇਰ ਪਿੰਡ ਆਲਿਆਂ ਨੂੰ ਕੁਛ ਅਕਲ ਆਈ...! ਉਹਨੂੰ ਕੁੱਟਣੋ ਹਟੇ...! ਜਦੋਂ ਲੋਕ ਘਰਾਂ ਨੂੰ ਚਲੇ ਗਏ...ਤਾਂ ਰਹਿਮ ਦਿਲ ਬੱਕਰੀਆਂ ਵਾਲ਼ੇ ਨੇ ਆਪਦੀ ਪਾਣੀ ਵਾਲੀ ਡੋਲਣੀ ਠਾਣੇਦਾਰ ਸਾਹਿਬ ਦੇ ਮੂੰਹ ਨੂੰ ਲਾਅਤੀ....ਬਈ ਹਰਫ਼ਲਿਆ ਵਿਆ ਪਾਣੀ ਪੀ ਕੇ ਲੋਟ ਆਜੂ..! ਲੈ ਭਾਈ...ਜਦੋਂ ਠਾਣੇਦਾਰ ਸਾਹਿਬ ਨੂੰ ਪਾਣੀ ਦੀ ਘੁੱਟ ਪੀ ਕੇ ਸੁਰਤ ਜੀ ਆਈ....ਊਸ ਨੇ ਉਠ ਕੇ ਕੌਡੀ ਆਲਿਆਂ ਮਾਂਗੂੰ ਬੱਕਰੀਆਂ ਵਾਲ਼ੇ ਨੂੰ ਈ ਸਿੱਟ ਲਿਆ....ਅਖੇ ਤੇਰੀ ਈ ਕੋਈ 'ਸਾਜਿ਼ਸ਼' ਐ...! ਲਓ, ਕਰ ਲਓ ਗੱਲ..! ਉਸ ਬੱਕਰੀਆਂ ਵਾਲ਼ੇ ਦਾ ਭਤੀਜਾ ਆਖੀ ਜਾਵੇ, "ਤਾਇਆ..! ਮੈਂ ਸਿਆਣਾ ਨਹੀਂ ਬਣ ਸਕਿਆ..! ਜਦੋਂ ਠਾਣੇਦਾਰ ਨੂੰ ਲੋਕਾਂ ਨੇ ਢਾਹਿਆ ਸੀ, ਉਦੋਂ ਮੈਨੂੰ ਲੋਕਾਂ ਨੂੰ ਵਰਜਣਾਂ ਨੀ ਸੀ ਚਾਹੀਦਾ, ਪਰ ਗਲਤੀ ਬੰਦੇ ਤੋਂ ਹੋ ਜਾਂਦੀ ਐ, ਮੈਂ ਸਿਆਣਾਂ ਨੀ ਤਾਇਆ...!" ਤਾਂ ਤਾਇਆ ਉਸ ਦੀ ਗੱਲ 'ਕੱਟ' ਕੇ ਆਖਣ ਲੱਗਿਆ, "ਭਤੀਜ..! ਤੇਰਾ ਤਾਇਆ ਹੁਣ ਤੱਕ ਨ੍ਹੀ ਸਿਆਣਾਂ ਹੋਇਆ...ਭਤੀਜ ਕਿੱਥੋਂ ਹੋਜੂ? ਮੈਂ ਠਾਣੇਦਾਰ ਦੇ ਮੂੰਹ ਨੂੰ ਪਾਣੀ ਲਾ ਕੇ ਉਸ ਤੋਂ ਵੱਡੀ ਗਲਤੀ ਕਰਤੀ..! ਲਾਇਕੀ ਦੀ ਗੱਲ ਭਤੀਜ ਮੈਂ ਵੀ ਨੀ ਕੀਤੀ..!" ਹੁਣ ਦੋਨੋਂ ਪਛਤਾ ਰਹੇ ਸਨ ਅਤੇ ਇਕ ਦੂਜੇ ਦਾ ਦੁੱਖ ਜਿਹਾ ਵੰਡਾ ਰਹੇ ਸਨ!
ਅੱਜ ਮੈਂ ਤੁਹਾਨੂੰ ਛਿੰਦੋ ਦੀ ਗੱਲ ਸੁਣਾਉਂਦਾ ਹਾਂ! ਛਿੰਦੋ ਦਾ ਨਾਂ ਤਾਂ ਸ਼ਾਇਦ ਸੁਰਿੰਦਰ ਜਾਂ ਸ਼ਮਿੰਦਰ ਹੋਵੇ, ਪਰ ਹੈ ਬੜੀ ਕਚੀਲ੍ਹ ਔਰਤ! ਪੂਰੀ ਝੰਡੇ ਹੇਠਲੀ! ਰੱਬ ਨੂੰ 'ਟੱਬ' ਸਮਝਣ ਵਾਲ਼ੀ!! ਛਿੰਦੋ ਨੇ ਪਤਾ ਨਹੀਂ ਕਿੰਨੇ ਘਰਾਂ ਵਿਚ ਸਿਆਪੇ ਪਾਏ। ਕਿੰਨੇ ਘਰ ਉਜਾੜੇ। ਉਸ ਦੇ ਚੱਟੇ ਦਰੱਖ਼ਤ ਅਜੇ ਤੱਕ ਹਰੇ ਨਹੀਂ ਹੋਏ। ਛਿੰਦੋ ਇਕ ਜਿਉਂਦੀ ਜਾਗਦੀ ਸੱਠ ਸਾਲ ਦੀ ਪ੍ਰੇਤ ਵਰਗੀ ਆਪਹੁਦਰੀ, ਸੁਆਰਥੀ ਅਤੇ ਖ਼ੁਦਗਰਜ਼ ਔਰਤ ਹੈ। ਗਲਤੀਆਂ ਛਿੰਦੋ ਨੇ ਕੀਤੀਆਂ ਅਤੇ ਭੁਗਤੀਆਂ ਸਭ ਨਿਰਦੋਸਿ਼ਆਂ ਨੇ! ਉਸ ਦੀਆਂ ਬੱਤੀ ਸੁਲੱਖਣੀਆਂ ਪੰਜ ਭੈਣਾਂ ਨੇ ਉਸ ਦੀ ਪੂਰੀ ਪਿੱਠ ਥਾਪੜੀ। ਚਾਹੇ ਸਾਰੀਆਂ ਉੱਜੜਨ ਕਿਨਾਰੇ ਹੀ ਹਨ। ਪਰ ਫਿ਼ਰ ਵੀ ਇਕ ਦੂਜੀ ਭੈਣ ਦੀ ਪਿੱਠ 'ਪੂਰਨੋਂ' ਨਹੀਂ ਹਟਦੀਆਂ। ਉਸ ਦੇ 'ਸਤਿਯੁਗੀ' ਪ੍ਰੀਵਾਰ ਦੀਆਂ ਸਾਰੀਆਂ ਪਰਤਾਂ ਹੁਣ ਹੌਲ਼ੀ-ਹੌਲ਼ੀ ਖੁੱਲ੍ਹਣਗੀਆਂ। ਹਿੱਕ 'ਤੇ ਹੱਥ ਰੱਖ ਕੇ ਹਰ ਮਹੀਨੇ ਪੜ੍ਹਦੇ ਜਾਇਓ! ਗੰਭੀਰ ਗੱਲਾਂ ਅਗਲੀ ਵਾਰ ਤੋਂ ਸ਼ੁਰੂ ਹੋਣਗੀਆਂ। ਪਰ ਅਜੇ ਛਿੰਦੋ ਦੀ ਇਕ ਆਮ ਜਿਹੀ ਗੱਲ ਹੀ ਸੁਣ ਲਓ! ਪਤਾ ਲੱਗ ਜਾਵੇਗਾ ਕਿ ਛਿੰਦੋ ਕਿੰਨੀ 'ਚੜ੍ਹਦੀ ਕਲਾ' ਵਾਲ਼ੀ ਜਿੰਨ ਵਰਗੀ ਤੀਮੀ ਹੈ!
ਛਿੰਦੋ ਦੇ ਛੋਟੇ ਮੁੰਡੇ ਦਾ ਵਿਆਹ ਸੀ। ਛਿੰਦੋ ਦੇ ਘਰਵਾਲ਼ੇ ਦੇਬੂ ਅਤੇ ਛਿੰਦੋ ਨੇ ਸਾਰੇ ਨਜ਼ਦੀਕੀ ਰਿਸ਼ਤੇਦਾਰ ਨੂੰ ਆਪਣੇ ਮੁੰਡੇ ਦੇ ਮੰਗਣੇਂ 'ਤੇ ਬੁਲਾਇਆ। ਰੌਣਕੀ ਹੋਰਾਂ ਨੇ ਵੀ ਪ੍ਰੀਵਾਰ ਸਮੇਤ ਦਰਸ਼ਣ ਜਾ ਦਿੱਤੇ। ਰੌਣਕੀ ਛਿੰਦੋ ਦੇ ਪ੍ਰੀਵਾਰ ਦੇ ਬਹੁਤਾ ਨੇੜੇ ਤਾਂ ਨਹੀਂ, ਪਰ ਇਤਨਾ ਦੂਰ ਵੀ ਨਹੀਂ ਕਿ ਚੰਗਾ-ਮੰਦਾ ਵੀ ਨਾ ਸਮਝੇ! ਦੇਬੂ ਬਾਈ ਜੀ ਰੌਣਕੀ ਨੂੰ ਦਾਰੂ ਪੀਣ ਲਈ ਜੋਰ ਲਾਉਂਦੇ ਰਹੇ। ਪਰ ਰੌਣਕੀ ਨੇ ਨਹੀਂ ਪੀਤੀ। ਸ਼ਰਾਬ ਰੌਣਕੀ ਨੇ ਬਥੇਰੀ ਪੀਤੀ ਹੈ। ਪਰ ਹੁਣ ਪੰਜ ਕੁ ਸਾਲਾਂ ਤੋਂ ਬਿਲਕੁਲ ਬੰਦ ਕੀਤੀ ਹੋਈ ਹੈ। ਇਸ ਲਈ ਦੇਬੂ ਰੌਣਕੀ ਨਾਲ਼ 'ਖ਼ਫ਼ਾ' ਸੀ, "ਤੂੰ ਇਕ ਤਾਂ ਲਾ ਲੈ..!" ਦੇਬੂ ਬਾਈ ਪੈੱਗ ਪਾਈ ਰੌਣਕੀ ਕੋਲ਼ ਖੜ੍ਹਾ ਪਿਆਸੇ ਕਾਂ ਵਾਂਗ ਝਾਕ ਰਿਹਾ ਸੀ। ਪਰ ਹਰ ਵਾਰ ਰੌਣਕੀ ਦਾ ਜਵਾਬ 'ਨਾਂਹ' ਵਿਚ ਹੀ ਸੀ। ਬਾਈ ਦੇਬੂ ਨਿਰਾਸ਼ ਹੋ ਗਿਆ। ਉਸ ਤੋਂ ਦੋ ਕੁ ਹਫ਼ਤੇ ਬਾਅਦ 'ਲੇਡੀ-ਸੰਗੀਤ' ਪਾਰਟੀ ਹੋਈ। ਲੇਡੀਆਂ ਦੇ ਨਾਲ਼ ਰੌਣਕੀ ਨੂੰ ਵੀ ਸੱਦਾ-ਪੱਤਰ ਆਇਆ ਹੋਇਆ ਸੀ! ਬਾਈ ਦੇਬੂ ਫ਼ੇਰ ਨਿਰਾਸ਼ ਹੋਇਆ ਖੜ੍ਹਾ ਸੀ, ਕਿਉਂਕਿ ਰੌਣਕੀ ਸਾਹਿਬ ਦਾਰੂ ਨਹੀਂ ਪੀ ਰਹੇ ਸਨ, "ਤੂੰ ਸਾਡੇ ਕੰਮੋਂ ਤਾਂ ਗਿਆ..!" ਦੇਬੂ ਵਾਰ ਵਾਰ ਰੌਣਕੀ ਨੂੰ ਆਖ ਕੇ ਆਪਣਾ ਦਿਲ ਜਿਹਾ 'ਹੌਲ਼ਾ' ਕਰੀ ਜਾ ਰਿਹਾ ਸੀ। ਰੌਣਕੀ ਦੇ ਮਾਮਾ ਜੀ ਵੀ 'ਸ਼ੈਂਪੇਨ' ਪੀਂਦੇ ਆਖ ਰਹੇ ਸਨ, "ਹੈਂ ਬਈ..! ਆਹ ਦਿਨ ਵੀ ਦੇਖਣੇ ਸੀ..!" ਉਹਨਾਂ ਨੂੰ ਵੀ ਰੌਣਕੀ ਭਾਣਜੇ ਦਾ ਦਾਰੂ ਨਾ ਪੀਣਾਂ ਜਚਿਆ ਨਹੀਂ ਸੀ। ...ਤੇ ਦੇਬੂ ਬਾਈ ਜੀ ਨੇ ਅਖ਼ੀਰ ਅੱਕ ਕੇ ਆਖ ਦਿੱਤਾ, "ਲੈ ਬਈ ਰੌਣਕੀ ਮਿੱਤਰਾ..! ਤੂੰ ਤਾਂ ਹੁਣ ਜਮਾਂ ਈ ਬੇਰੌਣਕਾ ਹੋ ਗਿਐਂ..! ਜੇ ਤੂੰ ਦਾਰੂ ਨਹੀਂ ਪੀਣੀਂ ਤਾਂ ਬਰਾਤ ਨਾ ਜਾਈਂ, ਸਾਨੂੰ ਸ਼ਰਮ ਆਊਗੀ ਬਈ ਆਹ ਕਿਹੋ ਜਿਆ ਬੰਦਾ ਖਿੱਚੀ ਫਿ਼ਰਦੇ ਐ, ਜਿਹੜਾ ਦਾਰੂ ਈ ਨੀਂ ਪੀਂਦਾ..!" ਰੌਣਕੀ ਨੇ ਫਿ਼ਰ ਇੱਕੋ ਗੱਲ ਆਖੀ ਸੀ, "ਬਾਈ ਜੀ ਬਰਾਤ ਨਾ ਜਾਣਾਂ ਮਨਜ਼ੂਰ ਐ, ਪਰ ਦਾਰੂ ਮੈਂ ਸੱਚੀਂ ਹੀ ਛੱਡ ਦਿੱਤੀ ਐ..!" 
ਖ਼ੈਰ ਰੌਣਕੀ ਸਾਹਿਬ ਬਰਾਤ ਵੀ ਗਏ ਅਤੇ ਦਾਰੂ ਵੀ ਨਾ ਪੀਤੀ। ਨਾਲ਼ੇ ਉਹਦੀ ਇੱਜ਼ਤ ਰਹਿ ਗਈ ਅਤੇ ਨਾਲ਼ੇ ਦੇਬੂ ਬਾਈ ਜੀ ਦੀ! ਜਦ ਰੌਣਕੀ ਦਾਰੂ ਪੀਂਦਾ ਸੀ, ਤਾਂ ਬਾਈ ਦੇਬੂ ਆਮ ਹੀ ਆਖ ਦਿੰਦਾ ਸੀ, "ਸਾਡਾ ਰੌਣਕੀ ਸਰੀਰ ਛੱਡ ਸਕਦੈ, ਪਰ ਦਾਰੂ ਨੀ ਛੱਡ ਸਕਦਾ..!" ਪਰ ਹੁਣ ਬਾਈ ਨੂੰ ਸ਼ਾਇਦ ਆਪਣੇ ਕਹੇ ਬੋਲਾਂ 'ਤੇ ਨਮੋਸ਼ੀ ਆ ਰਹੀ ਸੀ ਕਿ ਆਹ ਪੀ ਕੇ ਲਿਟਣ ਵਾਲ਼ਾ ਬੰਦਾ ਦਾਰੂ ਬਿਲਕੁਲ ਹੀ ਛੱਡ ਗਿਆ..? ਚਲੋ ਜੀ, ਸ਼ੁਕਰ ਰੱਬ ਦਾ! ਵਿਆਹ ਵਧੀਆ ਹੋ ਗਿਆ। ਵਿਆਹ ਦੀ 'ਡਾਂਸ-ਫ਼ਲੋਰ' 'ਤੇ ਰੌਣਕੀ ਨੇ ਵੀ ਸਰਦਾ-ਪੁਰਦਾ ਲੱਕ-ਲੁੱਕ ਹਿਲਾਇਆ। ਹਿਲਾਉਣਾਂ ਈ ਸੀ, ਨਹੀਂ ਤਾਂ ਬਾਈ ਜੀ ਨੇ ਫਿ਼ਰ ਕੋਹੜ ਕਿਰਲੇ ਵਾਂਗ ਪੈੱਗ ਫ਼ੜ ਕੇ ਉਸ ਦੇ ਦੁਆਲ਼ੇ ਹੋ ਜਾਣਾ ਸੀ, "ਦਾਰੂ ਬਿਨਾਂ ਨੱਚਿਆ ਟੱਪਿਆ ਨ੍ਹੀ ਜਾਂਦਾ, ਅੱਜ ਤਾਂ ਇਕ ਅੱਧਾ ਲਾ ਕੇ ਵਰਤ ਤੋੜ ਲੈ..! ਨੱਚਣ ਦਾ ਢੰਗ ਆਜੂ..!" 
ਉਸ ਤੋਂ ਹਫ਼ਤਾ ਕੁ ਬਾਅਦ ਵਿਆਹ ਦੀ ਪਾਰਟੀ ਸੀ। ਦੇਬੂ ਬਾਈ ਜੀ ਨੇ ਰੌਣਕੀ ਨੂੰ ਫਿ਼ਰ ਸੱਦਾ ਭੇਜਿਆ ਹੋਇਆ ਸੀ। ਪਾਰਟੀ ਫਿ਼ਰ ਚੱਲੀ। ਰੌਣਕੀ ਨੇ ਵੀ ਗਰੀਬੀ ਦਾਹਵੇ ਨਾਲ਼ ਲੱਕ 'ਤੇ ਹੱਥ ਧਰ ਕੇ ਕੁੱਲਾ ਹਿਲਾਇਆ। ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਿ਼ਆ ਗਿਲਿ਼ਆ! ਬਾਈ ਜੀ ਵੀ ਹੱਥ ਵਿਚ ਗਿਲਾਸ ਫ਼ੜੀ 'ਬਲ਼ਦ-ਮੂਤਣੀਆਂ' ਜਿਹੀਆਂ ਪਾਉਂਦੇ 'ਡਾਂਸ-ਫ਼ੋਰ' 'ਤੇ ਸੂਣ ਵਾਲ਼ੀ ਮੱਝ ਵਾਂਗੂੰ 'ਵੱਟ' ਜਿਹਾ ਕਰਦੇ ਕਦੇ ਰੌਣਕੀ ਦਾ ਪੈਰ ਮਿੱਧ ਦਿੰਦੇ ਅਤੇ ਕਦੇ ਕਿਸੇ ਹੋਰ ਦਾ! ਰੌਣਕੀ ਨੇ ਆਪਣਾ ਬਚਾ ਕਰੀ ਰੱਖਿਆ। ਕਿਉਂਕਿ ਉਹ ਰੋਡਵੇਜ਼ ਦੀ ਲਾਰੀ 'ਤੇ ਹਰ ਰੋਜ ਹੀ ਪੜ੍ਹਨਾ ਗਿੱਝਿਆ ਸੀ, "ਸਵਾਰੀ ਆਪਣੇ ਸਮਾਨ ਦੀ ਆਪ ਜਿ਼ੰਮੇਵਾਰ ਹੈ!" ਪਰ ਅੱਜ ਤਾਂ ਦੇਬੂ ਬਾਈ ਜੀ ਕਸ਼ਮੀਰ ਤੋਂ ਲੈ ਕੇ ਕੰਨਿਆਂ ਕੁਮਾਰੀ ਤੱਕ ਭਾਰਤ 'ਇਕ' ਹੋਣ ਵਾਂਗ ਸਾਰੀ ਡਾਂਸ-ਫ਼ਲੋਰ 'ਤੇ 'ਕੱਲੇ' ਹੀ ਛਾਏ ਹੋਏ ਸਨ। ਜਦ ਬਾਈ ਜੀ ਦੇ ਨਸ਼ੇ ਦੀ 'ਸੂਈ' ਥੱਲੇ ਨੂੰ ਪੁੱਠੀ ਮੁੜਨ ਲੱਗੀ ਤਾਂ ਉਹ 'ਪੈਂਚਰ' ਜਿਹਾ ਹੋਇਆ ਰੌਣਕੀ ਹੋਰਾਂ ਕੋਲ਼ ਆ ਕੇ ਬੈਠ ਗਿਆ। ਰੌਣਕੀ ਹੋਰੀਂ ਰੋਟੀ ਖਾਣ ਦੀ ਤਿਆਰੀ ਕਰ ਰਹੇ ਸਨ! ਬਾਈ ਜੀ ਨੇ ਆਪਣੀ 'ਊਣੀਂ' ਟੈਂਕੀ 'ਫ਼ੁੱਲ' ਕਰਨ ਲਈ 'ਵੇਟਰ' ਨੂੰ ਇਸ਼ਾਰਾ ਕੀਤਾ ਤਾਂ ਲੰਡਾ ਪੈੱਗ ਆ ਗਿਆ। ਬਾਈ ਜੀ ਨੇ ਪੈੱਗ ਸਿਰੇ ਲਾ ਦਿੱਤਾ ਅਤੇ ਅਰਾਮ ਨਾਲ਼ ਅੱਖਾਂ ਮੀਟ ਕੇ ਬੈਠ ਗਏ, ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਮੀਟਦਾ ਹੈ! 
ਕੁਝ ਸਮੇਂ ਬਾਅਦ ਛਿੰਦੋ ਭਾਬੀ ਜੀ ਦੇਬੂ ਬਾਈ ਜੀ ਕੋਲ਼ ਆ ਗਏ। ਉਹਨਾਂ ਦੀਆਂ ਡੂੰਘੀਆਂ ਬੱਗੀਆਂ ਅੱਖਾਂ ਵਿਚ ਰੌਣਕੀ ਸਾਹਿਬ ਨੂੰ ਕੋਈ ਗ਼ੈਬੀ ਕਰੋਧ ਦਿਸਿਆ। ਉਹ ਲਹਿੰਗਾ ਅਤੇ ਉਚੀ ਅੱਡੀ ਦੇ ਸੈਂਡਲ਼ ਪਾਈ ਡਾਂਸ ਕਰਦੇ ਕਰਦੇ 'ਹਫ਼ੇ' ਪਏ ਸਨ। ਹੁਣ ਉਹ ਇੰਜ ਤੁਰ ਰਹੇ ਸਨ, ਜਿਵੇਂ ਸੂਲਾਂ 'ਤੇ ਕੁੱਕੜ ਤੁਰਦੈ! ਉਮਰ ਉਹਨਾਂ ਦੀ ਚਾਹੇ ਸੱਠਾਂ ਸਾਲਾਂ ਦੀ ਹੈ, ਪਰ ਬੁੱਢੀ ਘੋੜ੍ਹੀ ਦੇ ਲਾਲ ਲਗਾਮ ਪਾਉਣ ਵਾਂਗ ਉਹ ਅੱਜ ਬਿਊਟੀ ਪਾਰਲਰ ਦੇ 'ਜੋਤਾ' ਲੁਆ ਕੇ ਆਏ ਸਨ। ਪਰ ਚਿਹਰੇ ਦੇ ਚਿੱਬ 'ਮੇਕ-ਅੱਪ' ਹੇਠੋਂ ਵੀ ਸੱਪ ਵਾਂਗ ਜੀਭਾਂ ਕੱਢਦੇ ਸਨ। ਭਾਬੀ ਜੀ ਨੂੰ ਸ਼ਾਇਦ ਬਾਈ ਜੀ ਨਾਲ਼ 'ਹੋਰ' ਡਾਂਸ ਕਰਨ ਦਾ 'ਝੱਲ' ਚੜ੍ਹਿਆ ਪਿਆ ਸੀ ਜਾਂ 'ਹਲ਼ਕ' ਉਠਿਆ ਹੋਇਆ ਸੀ। ਕੀ ਕਰਦੇ..? ਛਿੰਦੋ ਭਾਬੀ ਜੀ ਦੇਬੂ ਬਾਈ ਜੀ ਨੂੰ 'ਪਿਆਰ' ਹੀ ਐਨਾਂ ਕਰਦੇ ਨੇ! ਪਰ 'ਡਾਂਸ' ਦੇ ਨਾਂ ਨੂੰ ਬਾਈ ਜੀ ਆਫ਼ਰੇ ਕੱਟਰੂ ਵਾਂਗ 'ਨਾਂਹ' ਵਿਚ ਕੰਨ ਜਿਹੇ ਹਿਲਾਈ ਜਾ ਰਹੇ ਸਨ। ਜਦ ਛਿੰਦੋ ਭਾਬੀ ਜੀ ਨੇ ਡਾਂਸ ਕਰਨ ਦੀ 'ਹਿੰਡ' ਨਾ ਛੱਡੀ ਤਾਂ ਦੇਬੂ ਬਾਈ ਜੀ ਗਾਲ਼ਾਂ 'ਤੇ ਉੱਤਰ ਆਏ, "ਮੈਂ ਤੇਰਾ ਨੌਕਰ ਐਂ, ਭੈਣ...!" ਰੋਟੀ ਖਾਂਦੇ-ਖਾਂਦੇ ਰੌਣਕੀ ਸਾਹਿਬ ਨੇ ਬਾਈ ਜੀ ਨੂੰ ਪਲ਼ੋਸ ਕੇ ਠੰਢਾ ਕਰਨ ਦਾ ਯਤਨ ਕੀਤਾ। ਬਾਈ ਜੀ ਪੀਤੀ ਵਿਚ ਕੁਰਸੀ 'ਤੇ ਬੈਠੇ ਹੀ ਪਠੋਰੇ ਵਾਂਗ ਧੁਰਲ਼ੀਆਂ ਜਿਹੀਆਂ ਮਾਰ ਰਹੇ ਸਨ। ਪਰ ਸਹੁਰਾ ਝੱਲਾ 'ਪਿਆਰ' ਕਦੋਂ ਟਿਕਣ ਦਿੰਦਾ ਹੈ? ਛਿੰਦੋ ਭਰਜਾਈ ਜੀ ਫਿ਼ਰ ਬਾਈ ਜੀ ਦੀ ਪੂਛ ਨੂੰ ਫ਼ੜੀ ਖੜ੍ਹੇ, ਮਰੋੜਾ ਦੇ ਰਹੇ ਸਨ, "ਆਓ ਡਾਂਸ ਕਰੋ..!" ਤੇ ਬਾਈ ਜੀ ਨੇ ਫਿ਼ਰ ਉਹੀ 'ਕੋਰੜਾ ਛੰਦ' ਪੜ੍ਹਿਆ, ਜੋ ਛਿੰਦੋ ਭਾਬੀ ਜੀ ਪਹਿਲਾਂ ਵੀ 'ਸਰਵਣ' ਕਰ ਚੁੱਕੇ ਸਨ। 
ਛਿੰਦੋ ਭਾਬੀ ਜੀ ਵਾਰ-ਵਾਰ ਡਾਂਸ ਕਰਨ ਬਾਰੇ 'ਹਠ' ਕਰ ਰਹੇ ਸਨ ਅਤੇ ਬਾਈ ਜੀ 'ਛੰਦ' ਸੁਣਾ ਰਹੇ ਸਨ। ਸਾਧੂ ਅਤੇ ਬਿੱਛੂ ਦੇ ਕਰਮ ਵਾਲ਼ਾ 'ਕਾਂਡ' ਚੱਲ ਰਿਹਾ ਸੀ। ਅਖ਼ੀਰ ਛਿੰਦੋ ਭਾਬੀ ਜੀ ਨੇ ਰੌਣਕੀ ਦੇ ਸਾਹਮਣੇ ਮੇਜ਼ 'ਤੇ ਪਿਆ ਪਾਣੀ ਦਾ ਗਿਲਾਸ ਬਾਈ ਜੀ ਦੇ ਮੂੰਹ 'ਤੇ ਪੂਰੇ ਜੋਰ ਮਾਰਿਆ। 'ਮੋਹ' ਹੀ ਐਨਾਂ ਸੀ, ਕੀ ਕਰਦੀ..? ਉਹਨਾਂ ਨੇ ਸੋਚਿਆ ਹੋਣੈਂ ਕਿ ਪਤੀ-ਪ੍ਰਮੇਸ਼ਰ ਜੀ ਦੀ ਪੀਤੀ ਹੋਈ ਹੈ, ਪਾਣੀ ਦਾ ਗਿਲਾਸ ਮੂੰਹ 'ਤੇ ਪਾਏ ਤੋਂ ਸ਼ਾਇਦ ਲਹਿ ਜਾਵੇਗੀ ਅਤੇ ਖ਼ਸਮ ਜੀ 'ਡਾਂਸ' ਲਈ ਫਿ਼ਰ ਧੱਕਾ ਸਟਾਰਟ ਇੰਜਣ ਵਾਂਗ ਚੱਲ ਪੈਣਗੇ..? ਲੋੜ ਹੀ ਤਾਂ ਕਾਢ ਦੀ 'ਮਾਂ' ਹੁੰਦੀ ਹੈ..! ...ਤੇ ਬੱਸ ਫਿ਼ਰ ਕੀ ਸੀ..? ਮੂੰਹ 'ਤੇ ਪਾਣੀ ਦਾ ਗਿਲਾਸ ਪੈਣ ਦੀ ਦੇਰ ਸੀ ਕਿ 'ਸਟਾਰਟ' ਹੋਏ ਬਾਈ ਜੀ ਨੇ ਰੌਣਕੀ ਹੋਰਾਂ ਦੇ ਸਾਹਮਣੇ ਪਿਆ ਸਾਗ, ਮੀਟ, ਦਾਲ਼-ਸਬਜ਼ੀ ਵਗਾਹ-ਵਗਾਹ ਭਾਬੀ ਜੀ ਵੱਲ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਛਿੰਦੋ ਜੀ ਦੇ ਕੀਮਤੀ ਲਹਿੰਗੇ 'ਤੇ ਦਾਲ਼ਾਂ-ਸਬਜ਼ੀਆਂ ਦੇ 'ਡੱਬ' ਪਾ ਦਿੱਤੇ। ਰੌਣਕੀ ਨੇ ਫ਼ੜਨ ਲਈ ਬਥੇਰਾ ਜੋਰ ਲਾਇਆ, ਪਰ ਬਾਈ ਨੇ ਸਾਗ ਅਤੇ ਮੀਟ ਦੀ 'ਅਸਾਲਟ' ਦਾ ਮੂੰਹ ਰੌਣਕੀ ਵੱਲ ਨੂੰ ਕਰ ਦਿੱਤਾ। ਉਸ ਦੇ ਵਾਰ ਐਨੇ 'ਅੱਧਾਧੁੰਦ' ਤੇਜ਼ ਸਨ ਕਿ ਅੱਖਾਂ ਮੀਟ ਕੇ ਬਰਦਾਸ਼ਤ ਕਰਨ ਤੋਂ ਇਲਾਵਾ ਰੌਣਕੀ ਹੋਰੀਂ ਕੁਛ ਕਰ ਵੀ ਨਹੀਂ ਸਨ ਸਕਦੇ। ਬਾਦਲ ਸਰਕਾਰ ਦੀ ਪੁਲੀਸ ਦੀਆਂ 'ਜਲ-ਤੋਪਾਂ' ਵਾਂਗ ਰੌਣਕੀ ਹੋਰਾਂ 'ਤੇ ਵੀ ਦਾਲ਼ਾਂ-ਸਬਜ਼ੀਆਂ ਦੀ ਬੁਛਾੜ ਆ ਰਹੀ ਸੀ। ਉਸ ਦੇ ਕੋਟ-ਪੈਂਟ 'ਤੇ ਵੀ ਭਾਰਤ ਦੇ ਨਕਸ਼ੇ ਪਾ ਦਿੱਤੇ ਅਤੇ ਰੌਣਕੀ ਅਤੇ ਉਸ ਦੇ ਨਾਲ਼ ਬੈਠੇ ਬੇਲੀ ਕਸੀਸ ਵੱਟ ਕੇ ਜਰੀ ਗਏ। 
ਜਦ ਦੇਬੂ ਬਾਈ ਜੀ ਦੇ ਸਾਹਮਣੇ ਤੋਂ ਸਾਗ ਅਤੇ ਮੀਟ ਖ਼ਤਮ ਹੋਇਆ ਤਾਂ ਉਹ 'ਚੌਲ਼ੋ-ਚੌਲ਼ੀ' ਹੋਣ ਲੱਗ ਪਏ। ਰੌਣਕੀ ਹੋਰੀਂ ਆਪਣਾ ਬਚਾਅ ਕਰਦੇ ਕਰਦੇ ਹਾਰੀ ਫ਼ੌਜ ਵਾਂਗੂੰ ਪਿੱਛੇ ਹਟਣ ਲੱਗ ਪਏ। ਪਰ ਬਾਈ ਦੇ ਸਿ਼ਸ਼ਤ ਬੰਨ੍ਹ ਕੇ ਚਲਾਏ ਚੌਲ਼ਾਂ ਦੀ ਮਾਰ 'ਚ ਰੌਣਕੀ ਜੀ ਆ ਹੀ ਜਾਂਦੇ ਸਨ। ਜਦ ਚੌਲ਼ ਖ਼ਤਮ ਹੋਏ ਤਾਂ 'ਬੂੰਦੀ' ਦੀ ਵਾਰੀ ਆ ਗਈ। ਬੂੰਦੀ ਉਡਣ ਲੱਗ ਪਈ..! ਰੌਣਕੀ ਨੇ "ਉਡਾਤੀ ਬੂੰਦੀ" ਦੀ ਵਿਅੰਗਮਈ ਕਹਾਵਤ ਤਾਂ ਬਹੁਤ ਵਾਰ ਸੁਣੀਂ ਸੀ, ਪਰ ਸਮਝ ਅੱਜ ਆਈ ਸੀ ਕਿ 'ਬੂੰਦੀ ਉਡਾਤੀ' ਕਿਸ ਬਲਾਅ ਨੂੰ ਕਹਿੰਦੇ ਨੇ..? ਕਿਉਂਕਿ ਬੰਦਾ ਸਕੂਲਾਂ ਵਿਚ ਘੱਟ ਅਤੇ 'ਤਜ਼ਰਬੇ' ਤੋਂ ਵੱਧ ਸਿੱਖਦਾ ਹੈ! ਆਪਣਾ ਕੀਮਤੀ ਲਹਿੰਗਾ ਲਿੱਬੜਿਆ ਦੇਖ ਕੇ ਛਿੰਦੋ ਭਾਬੀ ਜੀ ਦਾ 'ਪਿਆਰ' ਹੋਰ ਭੜ੍ਹਕ ਪਿਆ ਅਤੇ ਉਹ ਦੋਨਾਂ ਹੱਥਾਂ ਨਾਲ਼ ਬਾਈ ਜੀ ਦੇ ਗਲ਼ ਨੂੰ 'ਚਿੰਬੜ' ਗਏ। ਰੌਣਕੀ ਨੇ ਫ਼ੜ ਕੇ ਜੋਕ ਵਾਂਗ ਤੋੜਨਾਂ ਚਾਹਿਆ, ਪਰ ਭਾਬੀ ਜੀ ਦੇ ਜੰਮੂਰਾਂ ਵਰਗੇ ਹੱਥ, ਸਿਕੰਜੇ ਵਾਂਗ ਕਸੇ ਹੋਏ ਸਨ। ਉਹਨਾਂ ਦੇ ਵੱਡੇ-ਵੱਡੇ ਨਹੁੰ ਰੌਣਕੀ ਨੂੰ ਪ੍ਰੇਤ ਵਾਂਗ ਡਰਾਉਣ ਆ ਰਹੇ ਸਨ। ਆਪਣਾ ਗਲ਼ ਜਿਹਾ ਛੁਡਾਉਣ ਲਈ ਬਾਈ ਜੀ ਨੇ ਛਿੰਦੋ ਸਾਹਿਬਾਂ ਨੂੰ ਧੱਕਾ ਮਾਰਿਆ ਤਾਂ ਛਿੰਦੋ ਜੀ ਪਟੜੇ ਵਾਂਗ ਹਾਲ ਦੀ 'ਸਲਿੱਪਰੀ' ਫ਼ਰਸ਼ 'ਤੇ ਜਾ ਪਏ। ਰੌਣਕੀ ਨੇ ਮੌਲੇ ਬਲ਼ਦ ਨੂੰ ਪੂਛੋਂ ਫ਼ੜ ਕੇ ਉਠਾਉਣ ਵਾਂਗ ਛਿੰਦੋ ਨੂੰ ਫ਼ੜ ਕੇ ਖੜ੍ਹਾ ਕੀਤਾ। ਪਰ ਬਾਹਰ ਖੜ੍ਹੇ ਛਿੰਦੋ ਜੀ ਫਿ਼ਰ ਵੀ ਨਾ-ਸ਼ੁਕਰਿਆਂ ਵਾਂਗ ਲੋਕਾਂ 'ਤੇ ਇਲਜ਼ਾਮ ਲਾਈ ਜਾ ਰਹੇ ਸਨ, "ਕਿਸੇ ਨੇ ਰੋਕਿਆ ਈ ਨ੍ਹੀ, ਸਾਰੇ ਤਮਾਸ਼ਾ ਦੇਖਦੇ ਰਹੇ..!" ਰੌਣਕੀ ਸਾਹਿਬ ਆਪਣਾ ਕੋਟ ਪੈਂਟ ਟਿਸ਼ੂ ਨਾਲ਼ ਸਾਫ਼ ਕਰਦੇ ਸੋਚ ਰਹੇ ਸੀ ਕਿ ਸਿਆਣਿਆਂ ਦਾ ਕਥਨ ਸੱਚਾ ਹੀ ਹੈ, ਅੱਜ ਕੱਲ੍ਹ ਭਲੇ ਦਾ ਜ਼ਮਾਨਾ ਨਹੀਂ! ਪੁੱਛਣਾਂ ਤਾਂ ਰੌਣਕੀ ਇਹ ਚਾਹੁੰਦਾ ਸੀ ਕਿ ਭਾਬੀ ਜੀ..! ਜਦ ਤੁਸੀਂ ਪਾਣੀ ਦਾ ਗਿਲਾਸ ਸ਼ਰਾਬੀ ਬਾਈ ਜੀ ਦੇ ਮੂੰਹ 'ਤੇ ਮਾਰਿਆ ਸੀ, ਉਦੋਂ ਤੁਹਾਨੂੰ ਨਾ ਕਿਸੇ ਨੇ ਰੋਕਿਆ..? ਦੋਵਾਂ ਪਾਸਿਆਂ ਤੋਂ ਇਹ ਐਕਸ਼ਨ ਹੀ ਇਤਨੀ ਫ਼ੁਰਤੀ ਅਤੇ ਗਿਣੀਂ-ਮਿਥੀ ਸਾਜਿ਼ਸ਼ ਵਾਂਗ ਹੋਏ ਕਿ ਸਭ ਦੀ ਸੁਰਤ ਹੀ ਮਾਰੀ ਗਈ! ਖ਼ੈਰ, ਹੁਣ ਤਾਂ ਰੌਣਕੀ ਸਮੇਤ ਦਸਾਂ-ਪੰਦਰਾਂ ਜਾਣਿਆਂ ਨੇ ਆਪਣੇ ਕੋਟ-ਪੈਂਟ 'ਡਰਾਈ ਕਲੀਨਿੰਗ' ਲਈ ਦਿੱਤੇ ਹੋਏ ਹਨ। ਅੱਗੇ ਤੋਂ ਤੁਸੀਂ ਵੀ ਆਪਣੇ ਸਮਾਨ ਦੀ ਜਿ਼ੰਮੇਵਾਰੀ ਆਪ ਸੰਭਾਲਣੀ ਐਂ..! ਬਚ ਕੇ ਮੋੜ ਤੋਂ ਬਾਈ ਜੀ..!
****




ਘੱਲੂਘਾਰਾ.......... ਕਹਾਣੀ / ਭਿੰਦਰ ਜਲਾਲਾਬਾਦੀ

(6 ਜੂਨ ‘ਤੇ ਵਿਸ਼ੇਸ਼)

ਜਦ ਸੁਰਜੀਤ ਕੌਰ ਨੂੰ ਗੁਆਂਢਣ ਬੇਬੇ ਭੰਤੋ ਦੇ ਘਰੋਂ ਰੋਣ-ਕੁਰਲਾਉਣ ਦੀ ਅਵਾਜ਼ ਸੁਣਾਈ ਦਿੱਤੀ ਤਾਂ ਉਹ ਹੈਰਾਨ ਹੋ ਗਈ। ਉਹ ਬੇਬੇ ਭੰਤੋ ਨੂੰ ਵਰ੍ਹਿਆਂ ਤੋਂ ਹੀ ਨਹੀਂ, ਪਿਛਲੇ ਦੋ ਦਹਾਕਿਆਂ ਤੋਂ ਇੱਕਲੀ ਦੇਖਦੀ ਆ ਰਹੀ ਸੀ। ਬੇਬੇ ਭੰਤੋ ਦਾ ਪ੍ਰੀਵਾਰ ਕਿਸੇ ਤੀਰਥ ਯਾਤਰਾ ਤੋਂ ਆਉਂਦਾ ਸੜਕ ਹਾਦਸੇ ਵਿਚ ਮਾਰਿਆ ਗਿਆ ਸੀ। ਜਦ ਭੰਤੋ ਨੂੰ ਪਤਾ ਲੱਗਿਆ ਤਾਂ ਉਹ ਨਾ ਤਾਂ ਰੋਈ ਅਤੇ ਨਾ ਹੀ ਕੋਈ ਪਿੱਟ ਸਿਆਪਾ ਕੀਤਾ। ਬੱਸ, ਟੱਬਰ ਦੇ ਅੱਠ ਜੀਆਂ ਦੀਆਂ ਲਾਸ਼ਾਂ ਦੇਖ ਕੇ ਬੁੱਤ ਹੀ ਬਣ ਗਈ ਸੀ! ਚੁੱਪ ਚਾਪ ਅਤੇ ਸਿਲ-ਪੱਥਰ!

ਬੇਬੇ ਭੰਤੋ ਦਾ ਸਾਰਾ ਪ੍ਰੀਵਾਰ ਉਸ ਨੂੰ ਘਰ ਸੰਭਾਲ਼ ਕੇ ਤੀਰਥ ਯਾਤਰਾ 'ਤੇ ਗਿਆ ਸੀ ਅਤੇ ਹਾਦਸੇ ਕਾਰਨ ਰਸਤੇ ਵਿਚ ਹੀ ਲਾਸ਼ਾਂ ਬਣ ਕੇ ਰਹਿ ਗਿਆ ਸੀ। ਉਸ ਤੋਂ ਬਾਅਦ ਬੇਬੇ ਕਿਸੇ ਤੀਰਥ ਅਸਥਾਨ 'ਤੇ ਨਹੀਂ ਗਈ ਸੀ। ਤੀਰਥ ਯਾਤਰਾ ਤੋਂ ਵਾਪਸ ਆਉਂਦਾ ਪ੍ਰੀਵਾਰ ਬੱਜਰੀ ਨਾਲ ਭਰੇ ਟਰੱਕ ਦੀ ਲਪੇਟ ਵਿਚ ਆ ਗਿਆ ਅਤੇ ਟਰੱਕ ਨੇ ਸਾਰਾ ਪ੍ਰੀਵਾਰ ਕੁਚਲ ਦਿੱਤਾ ਸੀ ਅਤੇ ਬੇਬੇ ਭੰਤੋ ਦਾ ਵਸਦਾ-ਰਸਦਾ ਘਰ ਉੱਜੜ ਗਿਆ ਸੀ। ਉਸ ਹਾਦਸੇ ਤੋਂ ਬਾਅਦ ਨਾਂ ਤਾਂ ਬੇਬੇ ਕਿਸੇ ਨਾਲ ਬੋਲਦੀ ਅਤੇ ਨਾ ਹੀ ਕਿਸੇ ਨੇ ਹੱਸਦੀ ਦੇਖੀ ਸੀ। ਪ੍ਰੀਵਾਰ ਦੇ ਅੱਠ ਜੀਆਂ ਦੇ ਸਸਕਾਰ ਵੇਲੇ ਬੇਬੇ ਆਮ ਲੋਕਾਂ ਨਾਲ ਸ਼ਮਸ਼ਾਨਘਾਟ ਗਈ ਅਤੇ ਸਸਕਾਰ ਕਰਵਾ ਕੇ ਵਾਪਸ ਆ ਗਈ ਸੀ। ਰਿਸ਼ਤੇਦਾਰ ਫ਼ੁੱਲ ਚੁਗ ਕੇ ਤਾਰ ਆਏ ਸਨ। ਬੇਬੇ ਉਹਨਾਂ ਨਾਲ ਫ਼ੁੱਲ ਤਾਰਨ ਵੀ ਨਹੀਂ ਗਈ ਸੀ। ਜਦ ਫ਼ੁੱਲ ਤਾਰੇ ਗਏ ਤਾਂ ਬੇਬੇ ਦਾ ਸ਼ਾਮ ਨੂੰ ਆਟਾ ਗੁੰਨ੍ਹਦੀ ਦਾ ਦਿਲ ਹਿੱਲਿਆ। ਹੌਲ ਜਿਹਾ ਪਿਆ ਕਿ ਉਹ ਉਸ ਘਰ ਵਿਚ ਇਕੱਲੀ ਬੈਠੀ ਸੀ, ਜਿਸ ਘਰ ਵਿਚ ਕਦੇ ਚਿੜੀ ਚੂਕਦੀ ਨਹੀਂ ਸੀ ਸੁਣਦੀ ਅਤੇ ਪੋਤੇ-ਪੋਤੀਆਂ ਰੌਣਕਾਂ ਲਾਈ ਰੱਖਦੇ ਸਨ। ਉਹ ਕਿਸੇ ਨੂੰ ਝਿੜਕਦੀ ਅਤੇ ਕਿਸੇ ਨੂੰ ਵਿਰਾਉਂਦੀ ਸੀ।
ਰਿਸ਼ਤੇਦਾਰਾਂ ਨੇ ਬੇਬੇ ਕੋਲ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ। ਹੁਣ ਬੇਬੇ ਅੱਧੇ ਕਿੱਲੇ ਦੇ ਘਰ ਅਤੇ ਵੀਹ ਕਿੱਲੇ ਜ਼ਮੀਨ ਦੀ 'ਕੱਲੀ ਮਾਲਕ ਸੀ। ਲੋਕਾਂ ਨੂੰ ਇਹ ਸੀ ਕਿ ਇਕੱਲੀ ਬੁੱਢੀ ਨੂੰ 'ਸੇਵਾ' ਦੀ 'ਆੜ' ਵਿਚ ਖ਼ੁਸ਼ ਰੱਖੋ ਅਤੇ ਜ਼ਮੀਨ ਹਥਿਆਉਣ ਵਾਲ਼ੀ ਗੱਲ ਕਰੋ! ਪਰ ਬੇਬੇ ਨੇ ਇੱਕੋ ਗੱਲ ਵਿਚ ਨਬੇੜ ਦਿੱਤੀ ਸੀ, "ਜੇ ਰੱਬ ਨੂੰ ਮੇਰੇ 'ਤੇ ਤਰਸ ਆਉਂਦਾ ਹੁੰਦਾ, ਤਾਂ ਮੇਰਾ ਸਾਰਾ ਟੱਬਰ ਨਾ ਖੋਂਹਦਾ ਭਾਈ! ਹੁਣ ਤੁਸੀਂ ਮੇਰੀ ਚਿੰਤਾ ਛੱਡੋ ਤੇ ਆਪਂਣੇ ਪ੍ਰੀਵਾਰਾਂ ਦਾ ਫਿ਼ਕਰ ਕਰੋ! ਮੈਂ ਆਪਣੇ ਘਰ ਰੱਬ ਦੀ ਰਜ਼ਾ 'ਚ ਰਾਜ਼ੀ ਆਂ! ਮੇਰੀ ਚਿੰਤਾ ਦਿਲੋਂ ਕੱਢ ਦਿਓ!"
ਜ਼ਮੀਨ ਦੇ ਲਾਲਚ ਵਿਚ ਆਏ ਰਿਸ਼ਤੇਦਾਰ ਨਿਰਾਸ਼ ਪਰਤ ਗਏ ਸਨ। ਬੰਦਾ ਨਿਰਾਸ਼ਾ ਵਿਚ ਵੀ ਉਦੋਂ ਹੀ ਆਉਂਦਾ ਹੈ, ਜਦ ਉਸ ਨੂੰ ਕੋਈ ਆਸ ਬੱਝੀ ਹੋਈ ਹੋਵੇ! ਪਰ ਲਾਲਚੀ ਰਿਸ਼ਤੇਦਾਰ ਤਾਂ ਬਹੁਤਾ ਹੀ ਨਿਰਾਸ਼ ਹੋ ਗਏ ਸਨ। 
ਫ਼ੇਰ ਜਦ ਬੇਬੇ ਨੂੰ ਪੀਲੀਆ ਹੋਇਆ ਤਾਂ ਸਾਕ-ਸਬੰਧੀਆਂ ਨੂੰ ਫਿ਼ਰ 'ਸੇਵਾ' ਦਾ 'ਬਹਾਨਾ' ਮਿਲ ਗਿਆ। ਉਹਨਾਂ ਨੇ ਫਿ਼ਰ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਬੇਬੇ ਨੇ ਫਿ਼ਰ ਸਾਰੇ ਇਕ ਗੱਲ ਨਾਲ ਹੀ ਖੂੰਜੇ ਲਾ ਧਰੇ।
"ਤੁਹਾਨੂੰ ਮੈਂ ਅੱਗੇ ਵੀ ਕਿਹੈ ਬਈ, ਤੁਸੀਂ ਮੇਰਾ ਫਿ਼ਕਰ ਛੱਡੋ! ਮੈਂ ਨਹੀਂ ਮਰਦੀ! ਮੈਨੂੰ ਤਾਂ ਓਦੋਂ ਨਹੀਂ ਕੁਛ ਹੋਇਆ, ਜਦੋਂ ਮੇਰਾ ਸਭ ਕੁਛ ਉੱਜੜ ਗਿਆ ਸੀ? ਹੁਣ ਮੈਨੂੰ ਕੀ ਹੋਣੈਂ? ਤੁਸੀਂ ਆਪਣੇ ਆਪਣੇ ਘਰੇ ਬੈਠ ਕੇ ਰੱਬ ਰੱਬ ਕਰੋ!" ਤੇ ਰਿਸ਼ਤੇਦਾਰ ਛਿੱਥੇ ਜਿਹੇ ਪੈ ਕੇ ਵਾਪਸ ਪਰਤ ਗਏ ਸਨ।
ਗੁਆਂਢਣ ਸੁਰਜੀਤ ਕੌਰ ਬੇਬੇ ਭੰਤੋ ਦੇ ਫ਼ੌਲਾਦੀ ਹਾਜ਼ਮੇ ਤੋਂ ਵਾਕਿਫ਼ ਸੀ। ਨਿੱਕੀ-ਨਿੱਕੀ ਗੱਲ ਤੋਂ 'ਮਰਗੀ-ਮਰਗੀ' ਕਰਨ ਵਾਲੀ ਬੇਬੇ ਹੈ ਨਹੀਂ ਸੀ। ਜਦ ਕਦੇ ਸੁਰਜੀਤ ਕੌਰ ਬੇਬੇ 'ਤੇ ਤਰਸ ਜਿਹਾ ਕਰਕੇ ਉਸ ਦਾ ਦੁੱਖ ਵੰਡਾਉਣ ਦੀ ਕੋਸਿ਼ਸ਼ ਕਰਦੀ ਤਾਂ ਬੇਬੇ ਇੱਕੋ ਗੱਲ ਆਖ ਕੇ ਸਬਰ ਦਾ ਘੁੱਟ ਭਰ ਲੈਂਦੀ, "ਜੋ ਸਤਿਗੁਰੂ ਨੂੰ ਮਨਜੂਰ ਸੀ, ਉਹੀ ਹੋ ਗਿਆ ਜੀਤੋ! ਮੈਂ ਓਸ ਰੱਬ ਦੀ ਕਿਉਂ ਸ਼ਰੀਕਣੀਂ ਬਣਾਂ? ਉਹ ਤਾਂ ਉਹੀ ਕਰਦੈ, ਜੋ ਉਹਨੂੰ ਚੰਗਾ ਲੱਗਦੈ! ਮੈਂ ਤਾਂ ਓਸੇ ਰੱਬ ਦੇ ਭਾਣੇ 'ਚ ਰਾਜੀ ਆਂ ਧੀਏ!" ਤੇ ਜੇ ਸੁਰਜੀਤ ਕੌਰ ਆਖਦੀ, "ਬੇਬੇ ਜੀ, ਕੀ ਮੰਨੀਏਂ? ਤੀਰਥ ਯਾਤਰਾ ਕਰਨ ਗਏ ਟੱਬਰ ਨਾਲ ਆਹ ਭਾਣਾਂ ਵਾਪਰ ਗਿਆ, ਜੇ ਕਿਤੇ ਵਿਆਹ-ਬਰਾਤ ਗਏ ਹੁੰਦੇ ਤਾਂ ਅਗਲਾ ਸੋਚਦੈ ਬਈ ਸ਼ਰਾਬ-ਸ਼ਰੂਬ ਪੀਤੀ ਹੋਣੀਂ ਹੈ?" ਤਾਂ ਬੇਬੇ ਫਿ਼ਰ ਕਹਿੰਦੀ, "ਜੋ ਭਾਣਾਂ ਵਰਤ ਕੇ ਰਹਿਣੈ ਜੀਤੋ, ਉਹ ਵਰਤ ਕੇ ਹੀ ਰਹਿਣੈਂ! ਹੋਣੀਂ ਦਾ ਮਤਬਲ ਕੀ ਹੁੰਦੈ? ਜਿਹੜੀ ਹਰ ਹਾਲਤ ਹੋ ਕੇ ਰਹੇ, ਉਹਨੂੰ ਹੀ ਤਾਂ 'ਹੋਣੀਂ' ਕਹਿੰਦੇ ਨੇ! ਮੈਨੂੰ ਰੱਬ 'ਤੇ ਕੋਈ ਗਿਲਾ-ਰੋਸਾ ਨਹੀਂ! ਉਹਦੀਆਂ ਕੁਦਰਤਾਂ ਬੱਸ ਓਹੀ ਦਾਤਾ ਜਾਣੇ! ਰੋ ਕੁਰਲਾ ਕੇ ਦੱਸ ਉਹਦੀ ਕੀ ਲੱਤ ਭੰਨ ਲਵਾਂਗੇ? ਉਹ ਡਾਢਾ ਸਤਿਗੁਰੂ ਹੈ ਧੀਏ!"
...ਤੇ ਅੱਜ ਜਦ ਸੁਰਜੀਤ ਕੌਰ ਦੇ ਕੰਨੀਂ ਭੰਤੋ ਬੇਬੇ ਦੇ ਘਰੋਂ ਰੋਣ-ਧੋਣ ਦੀ ਅਵਾਜ਼ ਪਈ ਤਾਂ ਉਸ ਨੂੰ ਯਕੀਨ ਨਹੀਂ ਆ ਰਿਹਾ ਸੀ। ਬੇਬੇ ਨੇ ਤਾਂ ਉਦੋਂ ਹੰਝੂ ਨਹੀਂ ਕੇਰਿਆ ਸੀ, ਜਦੋਂ ਭਰਿਆ-ਭਰਾਇਆ ਘਰ ਖਾਲੀ ਹੋ ਗਿਆ ਸੀ ਅਤੇ ਘਰ ਦੇ ਅੱਠ ਜੀਆਂ ਦੀ ਅਣਿਆਈ ਮੌਤ ਹੋ ਗਈ ਸੀ? 
ਉਹ ਬੜੇ ਉੱਦਮ ਨਾਲ ਬੇਬੇ ਦੇ ਘਰ ਪਹੁੰਚੀ।
ਬੇਬੇ ਤੱਪੜ ਵਿਛਾਈ ਭੁੰਜੇ ਹੀ ਸਿਰ ਫ਼ੜੀ ਬੈਠੀ ਸੀ।
"ਕੀ ਹੋ ਗਿਆ ਬੇਬੇ ਜੀ?" ਸੁਰਜੀਤ ਕੌਰ ਬੇਬੇ ਦੇ ਅੱਗੇ ਜਾ ਬੈਠੀ।
"ਤੈਨੂੰ ਪਤਾ ਈ ਨੀ ਜੀਤੋ?" ਬੇਬੇ ਦਾ ਫਿ਼ਰ ਰੋਣ ਨਿਕਲ਼ ਗਿਆ। ਉਸ ਨੇ ਉਲਾਂਭਾ ਦੇਣ ਵਾਲਿਆਂ ਵਾਂਗ ਕਿਹਾ ਸੀ।
"ਨਹੀਂ ਬੇਬੇ ਜੀ!" ਸੁਰਜੀਤ ਕੌਰ ਦੁਖੀ ਹੋਣ ਨਾਲੋਂ ਹੈਰਾਨ ਜਿ਼ਆਦਾ ਸੀ।
"ਨ੍ਹੀ ਧੀਏ! ਆਪਣਾ ਆਹ ਗੁਆਂਢੀ ਪਾੜ੍ਹਾ ਦੱਸ ਕੇ ਗਿਐ ਬਈ ਰਾਤ ਫ਼ੌਜ ਨੇ ਦਰਬਾਰ ਸਾਹਬ ਢਾਅਤਾ...!" 
"ਹੈਂਅ..!" ਸੁਰਜੀਤ ਕੌਰ ਵੈਣ ਪਾਉਣ ਵਾਲੀ ਹੋ ਗਈ। ਦਰਬਾਰ ਸਾਹਿਬ ਅੰਮ੍ਰਿਤਸਰ ਫ਼ੌਜ ਪਹੁੰਚਣ ਦੀ ਖ਼ਬਰ ਤਾਂ ਸਾਰੇ ਪਿੰਡ ਨੇ ਸੁਣੀ ਸੀ। ਪਰ ਇਸ 'ਘੱਲੂਘਾਰੇ' ਬਾਰੇ ਤਾਂ ਕਿਸੇ ਨੇ ਸੋਚਿਆ ਕਿਆਸਿਆ ਹੀ ਨਹੀਂ ਸੀ।
"ਆਪਾਂ ਦੋ ਇੱਟਾਂ ਦੀ ਮਟੀ ਢਾਹੁੰਦੇ ਸਾਰਾ ਟੱਬਰ ਵੀਹ ਵਾਰੀ ਸੋਚਦੇ ਐਂ, ਤੇ ਜਲ ਜਾਣੇ ਪਲ 'ਚ ਦਰਬਾਰ ਸਾਹਬ ਢਾਹ ਕੇ ਰਾਹ ਪਏ!" ਤੇ ਬੇਬੇ ਫ਼ੁੱਟ-ਫ਼ੁੱਟ ਕੇ ਰੋ ਪਈ।

****