ਜੰਬੋ-ਬੋਨ......... ਕਹਾਣੀ / ਰਤਨ ਰੀਹਲ (ਡਾ:)


ਰਾਬਰਟ ਦਾ ‘ਨਿੱਕ ਨੇਮ’ ‘ਰੌਬ’ ਹੈ। ਉਹ ਸਕਾਟਲੈਂਡ ਤੋਂ ਆਣ ਕੇ ਇੰਗਲੈਂਡ ਦੇ ਇਲਾਕੇ ਵੈਸਟ ਮਿੱਡਲੈਂਡ ਵਿੱਚ ਵਸਿਆ ਹੋਇਆ ਹੈ। ਰੌਬ ਦਾ ਐਲਮੀਨੀਅਮ ਦੇ ਕਾਰਾਂ ਦੇ ਪੁਰਜੇ ਬਣਾਉਣ ਦਾ ਡਾਈ-ਕਾਸਟਿੰਗ’ ਦਾ ਇੱਕ ਤਕੜਾ ਕਾਰਖਾਨਾ ਹੈ। ਜਿਸ ਵਿੱਚ ਸੌ ਕੁ ਤੋਂ ਉੱਪਰ ਗੋਰੇ ਕਾਲੇ ਕਰਮਚਾਰੀ ਕੰਮ ਕਰ ਰਹੇ ਹਨ। ਰੌਬ ਦਾ ਕੁੱਤਾ ਅੱਜ ਸਵੇਰ ਦਾ ਹੀ ਭੌਂਕਣੋ ਨਹੀਂ ਹਟਿਆ। ਰੌਬ ਕੱਲ੍ਹ ਰਾਤੀਂ ਘਰ ਜਾਣ ਲੱਗਿਆ ਹੀ ਦਫਤਰ ਦੇ ਸਾਰੇ ਕਲਰਕਾਂ ਨੂੰ ਦੱਸ ਗਿਆ ਸੀ ਕਿ ਉਹ ਕੁੱਤੇ ਵਾਸਤੇ ਸਵੇਰ ਦਾ ਖਾਣਾ ਰੱਖ ਚੱਲਿਆ ਹੈ ਅਤੇ ਉਸਨੇ ਕੁੱਤੇ ਦੇ ਖਾਣੇ ਬਾਰੇ ‘ਡੇਵ’ ਨੂੰ ਸਭ ਸਮਝਾ ਦਿੱਤਾ ਹੈ। ਉਹ ਸਵੇਰੇ ਸਿੱਧਾ ਹੀ ਮੀਟਿੰਗ ਉਪਰ ਚਲਾ ਜਾਵੇਗਾ ਅਤੇ ਮੀਟਿੰਗ ਤੋਂ ਬਾਅਦ ਹੀ ਦਫਤਰ ਆਵੇਗਾ। ਉਸਨੇ ਸਾਰੇ ਕਲਰਕਾਂ ਨੂੰ ਕਾਮਿਆਂ ਦੀ ਹੜਤਾਲ ਬਾਰੇ ਸਮਝਾਉਂਦਿਆਂ ਹੋਇਆ ਕਿਹਾ ਸੀ ਕਿ ਸੇਲਜ਼-ਮੈਨੇਜਰ ਕਹਿੰਦੇ ਹਨ ਕਿ ਕੰਪਨੀ ਨਾਲ ਮੀਟਿੰਗ ਵੇਲੇ ਮੇਰਾ ਉਥੇ ਹਾਜ਼ਰ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਸ ਕਰਕੇ ਉਸਨੂੰ ਸਵੇਰੇ ਕਾਰ ਇੰਡਸਟਰੀ ਵਾਲਿਆਂ ਨਾਲ ਮੀਟਿੰਗ ਵਿੱਚ ਜਾਣਾ ਜ਼ਰੂਰੀ ਹੈ ਜਿਸ ਵਿੱਚ ਉਹ ਹੜਤਾਲੀਆਂ ਵਾਸਤੇ ਪੁਰਜ਼ੇ ਬਣਾਉਣ ਵਾਸਤੇ ਵਾਧੂ ਕੀਮਤ ਮਨਜੂਰ ਕਰਵਾ ਸਕੇ। ਅੱਜ ਦਫਤਰ ਦੇ ਸਾਰੇ ਵਿਹਲੇ ਕਰਮਚਾਰੀ ਉੱਠ ਉੱਠ ਉਸਦੇ ਭੌਂਕ ਰਹੇ ਕੁੱਤੇ ਵੱਲ ਵੇਖ ਰਹੇ ਹਨ। ਕੁੱਤਾ ਰੌਬ ਦੇ ਦਫਤਰ ਦੀਆਂ ਤਾਕੀਆਂ ਨੂੰ ਪੈਰਾਂ ਦੇ ਪੰਜਿਆਂ ਨਾਲ ਝਰੀਟੀ ਜਾ ਰਿਹਾ ਹੈ ਅਤੇ ਉੱਚੀ ਉੱਚੀ ਭੌਂਕ ਰਿਹਾ ਹੈ। ਕੁੱਤਾ ਕਦੇ ਬਾਹਰ ਹੜਤਾਲ ਉਪਰ ਖੜ੍ਹੇ ਕਾਮਿਆਂ ਵੱਲ ਮੂੰਹ ਚੁੱਕ ਚੁੱਕ ਭੌਂਕ ਰਿਹਾ ਹੈ ਅਤੇ ਕਦੇ ਦਫਤਰ ਵਿੱਚ ਖਿੱਲੀਆਂ ਉਡਾਉਂਦੇ ਕਾਮਿਆਂ ਵੱਲ ਝਈਆਂ ਲੈ ਲੈ ਪੈ ਰਿਹਾ ਹੈ।
ਰੌਬ ਆਪਣੇ ਕੁੱਤੇ ਨੂੰ ‘ਬਲੈਕੀ’ ਕਰਕੇ ਸੱਦਦਾ ਹੈ । ਕੁੱਤਾ ਵੀ ਕਾਹਦਾ ਵੇਖਣ ਨੂੰ ਪੂਰਾ ਰਿੱਛ ਜਿਹਾ ਲੱਗਦਾ ਹੈ। ਉਸਦੇ ਸਿਰ ਤੋਂ ਲੈ ਕੇ ਸਾਰਾ ਸਰੀਰ ਰਿੱਛ ਵਾਂਗ ਹੀ ਕਾਲੀ ਬੱਗੀ ਜੱਤ ਨਾਲ ਭਰਿਆ ਹੋਇਆ ਹੈ। ਅੱਖਾਂ ਉਪਰ ਉਸ ਦੇ ਕਾਲੇ ਭਰਵੱਟਿਆਂ ਦੇ ਵਾਲ ਉਸਦੀਆਂ ਅੱਖਾਂ ਦੀਆਂ ਕੋਠੀਆਂ ਤੱਕ ਲਮਕਦੇ ਹਨ। ਉਸਦੇ ਸਰੀਰ ਦੀ ਜੇਕਰ ਕੋਈ ਹੱਡੀ ਦਿਸਦੀ ਸੀ ਤਾਂ ਵੇਖਣ ਵਾਲੇ ਨੂੰ ਉਸਦੇ ਪੰਜਿਆਂ ਉਪਰ ਗਿੱਟੇ ਜਾਂ ਉਸਦੇ ਜੱਤ ਵਾਲੇ ਪੈਰਾਂ ਦੇ ਕੰਡਿਆਂ ਵਰਗੇ ਨਾਖੁਨ ਹੀ ਦਿਸਦੇ ਹਨ। ਜਦ ਬਲੈਕੀ ਨੂੰ ਭੁੱਖ ਲਗਦੀ ਹੈ ਤਾਂ ਉਹ ਖਾਣੇ ਵਾਲੀ ਅਲਮਾਰੀ ਕੋਲ ਬੈਠਾ ਰੌਬ ਵੱਲ ਬੈਠਾ ਟਿੱਕਟਿੱਕੀ ਲਾ ਕੇ ਵੇਖਦਾ ਰਹਿੰਦਾ ਹੈ। ਜਦ ਰੌਬ ਦੀ ਅੱਖ ਬਲੈਕੀ ਦੀ ਅੱਖ ਨਾਲ ਮਿਲਦੀ ਹੈ ਤਾਂ ਬਲੈਕੀ ਆਪਣੀਆਂ ਪਿਛਲੀਆਂ ਲੱਤਾਂ ਦੇ ਸਹਾਰੇ ਅਲਮਾਰੀ ਮੂਹਰੇ ਖੜ੍ਹ ਜਾਂਦਾ ਹੈ। ਫਿਰ ਜਦ ਰੌਬ ਡੇਵ ਨੂੰ ਉੱਚੀ ਦੇਣੀ ਹਾਕ ਮਾਰਦਾ ਹੈ ਤਾਂ ਬਲੈਕੀ ਕੰਧ ਨਾਲ ਵਿਛਾਈ ਤੱਪੜੀ ਉਪਰ ਜਾ ਕੇ ਇਸ ਤਰ੍ਹਾਂ ਬੈਠ ਜਾਂਦਾ ਹੈ ਜਿਵੇਂ ਕੋਈ ਮੇਜ਼ ਦੁਆਲੇ ਪਈ ਕੁਰਸੀ ਉਪਰ ਬੈਠ ਕੇ ਨੌਕਰ ਵਲੋਂ ਲਿਆਏ ਜਾਣ ਵਾਲੇ ਖਾਣੇ ਦੀ ਉਡੀਕ ਕਰਦਾ ਹੈ। ਰੌਬ ਜਾਂ ਡੇਵ ਜਦ ਉਸਨੂੰ ਬਲੈਕੀ ਕਹਿ ਕੇ ਸੱਦਦੇ ਹਨ ਤਾਂ ਬਲੈਕੀ ਦੇ ਪਿਆਰ ਨਾਲ ਭਰਵੱਟੇ ਤਣ ਜਾਂਦੇ ਹਨ ਅਤੇ ਉਸ ਦੀਆਂ ਗੇਰੂ ਰੰਗੀਆਂ ਅੱਖਾਂ ਵਿੱਚੋਂ ਪਿਆਰ ਉਮੜ ਉਮੜ ਪੈਂਦਾ ਹੈ ਪਰ ਜਦ ਕੋਈ ਹੋਰ ਉਸਨੂੰ ਬਲੈਕੀ ਕਹਿ ਬੁਲਾਉਂਦਾ ਹੈ ਤਾਂ ਉਹ ਨਾਸਾਂ ਥਾਣੀ ਸਾਹ ਘੜੀਸਦਾ ਹੋਇਆ, ਬੁੱਲਾਂ ਨੂੰ ਕੱਸ ਕੇ ਦੰਦ ਕਰੀਂਦਾ ਹੋਇਆ ਘੁਰਕੀ ਮਾਰਦਾ ਇੰਝ ਲਗਦਾ ਹੈ ਜਿਵੇਂ ਕਹਿੰਦਾ ਹੋਵੇ ਉਹ ਵੀ ਵਲੈਤ ਦਾ ਜੰਮਿਆਂ ਪਲਿਆ ਹੈ। ਮੁੜ ਭੁੱਲ ਕੇ ਵੀ ਬਲੈਕੀ ਨਾ ਕਹੀਂ। ਨਹੀਂ ਤਾਂ ਅੰਜਾਮ ਸੁਣ ਲੈ ਕਿ ਉਹ ਚਿੱਟੀ ਚਮੜੀ ਦਾ ਚਹੇਤਾ ਪਾਲਤੂ ਕੁੱਤਾ ਹੈ। ਉਸਨੂੰ ਟੁੰਡੇ ਲਾਟ ਦੀ ਪ੍ਰਵਾਹ ਨਹੀਂ ਹੈ। ਜੇਕਰ ਫਿਰ ਬਲੈਕੀ ਕਿਹਾ ਤਾਂ ਉਸਦੀਆਂ ਲੱਤਾਂ ਦੀਆਂ ਪਿੰਨੀਆਂ ਦੇ ਗਾਚੇ ਭਰ ਲਵੇਗਾ।