ਪਰਾਂ ਵਾਲਾ ਬੂਟ.......... ਕਹਾਣੀ / ਮੁਹਿੰਦਰ ਸਿੰਘ ਘੱਗ

ਮਨੁੱਖ ਦੀ ਖੋਪੜੀ ਥੱਲੇ ਪਿਲ ਪਿਲੇ ਜਿਹੇ ਮਾਦੇ ਵਿਚ ਜਿਊਂ ਹੀ ਸੂਝ ਨੇ ਜਨਮ ਲਿਆ ਉਸ ਨੇ ਆਪਣਾ ਰਹਿਣ ਸਹਿਣ ਜਾਨਵਰਾਂ ਤੋਂ ਵਖਰਾ ਲਿਆ।ਉਸਨੇ ਆਪਣੇ ਸੁਖ ਆਰਾਮ ਲਈ ਸਾਧਨ ਜੁਟਾਉਣੇ ਸ਼ੁਰੂ ਕਰ ਦਿਤੇ। ਮਨੁੱਖ ਦੀ ਸੂਝ ਕਾਰਨ ਹੀ ਮੇਰਾ ਗਠਨ ਹੋਇਆ। ਕਦ ਹੋਇਆ, ਇਸ ਬਾਰੇ ਨਿਸਚਤ ਰੂਪ ਵਿਚ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਗੱਲ ਪਰਪਕ ਹੈ ਕਿ ਮੈਂ ਅਤੇ ਮਨੁੱਖ ਹਜ਼ਾਰਾਂ ਸਾਲ ਤੋਂ ਇਕਠੇ ਤੁਰੇ ਆ ਰਹੇ ਹਾਂ। ਮਨੁੱਖ ਦੀ ਸੋਚ ਵਿਚ ਵਾਧਾ ਹੋਣ ਦੇ ਨਾਲ ਨਾਲ ਮੇਰੀ ਰੂਪ ਰੇਖਾ ਵੀ ਬਦਲਦੀ ਗਈ।
ਘਾ ਫੂਸ ਅਤੇ ਰੁਖਾਂ ਦੇ ਪੱਤਿਆਂ ਨਾਲ ਤੰਨ ਢਕਣ ਵਾਲੇ ਮਨੁੱਖ ਨੂੰ ਜਦ ਚਮੜੇ ਦੀ ਸੋਝੀ ਆਈ ਤਾਂ ਤੰਨ ਦੇ ਨਾਲ ਨਾਲ ਪੈਰਾਂ ਤੇ ਵੀ ਚਮੜੇ ਦੇ ਢਿਲੇ ਢਿਲੇ ਥੈਲੇ ਜਿਹੇ ਬੰਨ ਲਏ। ਛੇਤੀ ਹੀ ਢਿਲੇ ਢਿਲੇ ਬਸਤ੍ਰ ਅਤੇ ਪੈਰੀਂ ਪਾਏ ਥੈਲੇ ਤਸਮੇਂ ਤਣੀਆਂ ਪਾ ਕੇ ਕਸ ਲਏ।
ਮਨੁੱਖ ਨੇ ਆਪਣੇ ਵਿਕਾਸ ਦੇ ਨਾਲ ਨਾਲ ਮੇਰਾ ਵੀ ਪੂਰਾ ਧਿਆਨ ਰਖਿਆ। ਸੂਈ ਦੀ ਕਾਢ੍ਹ ਨੇ ਤਾਂ ਮੇਰੀ ਰੂਪ ਰੇਖਾ ਹੀ ਬਦਲ ਦਿਤੀ। ਪੈਰ ਦੇ ਥੱਲੇ ਅਤੇ ਪੈਰ ਦੇ ਉਪਰ ਵਾਲੇ ਹਿਸੇ ਨੂੰ ਢਕਣ ਲਈ ਚਮੜੇ ਦੇ ਦੋ ਟੁਕੜਿਆਂ ਨੂੰ ਸੀਣ ਮਾਰ ਕੇ ਮੈਨੂੰ ਇੱਕ ਨਵੀਂ ਸ਼ਕਲ ਦੇ ਦਿਤੀ। ਹੁਣ ਤਕ ਮਨੁੱਖ ਨੂੰ ਵਸਤੂਆਂ ਨੂੰ ਨਾਂ ਵੀ ਦੇਣੇ ਆ ਗਏ ਸਨ ਇਸ ਲਈ ਪੰਜਾਬੀਆਂ ਨੇ ਮੈਨੂੰ ਜੁੱਤੀ ਜਾਂ ਜੁਤਾ ਕਹਿਣਾ ਸ਼ੁਰੂ ਕਰ ਦਿਤਾ ਭਾਵ ਜੁੜਿਆ ਹੋਇਆ। ਇਸ ਸਮੇਂ ਤਕ ਮਰਦ ਅਤੇ ਔਰਤ ਦੇ ਬਸਤ੍ਰਾਂ ਦੀ ਬਣਤਰ ਵਖਰੀ ਹੋ ਚੁਕੀ ਸੀ ਪਰ ਪੈਰ ਢਕਣ ਵਾਲੀ ਭਾਵ ਮੇਰੀ ਹਾਲੇ ਵਖਰੀ ਪਛਾਣ ਨਹੀਂ ਸੀ ਬਣੀ। ਮਰਦ ਅਤੇ ਔਰਤ ਦੀ ਜੁੱਤੀ ਵਿਚ ਕੋਈ ਵਖਰੇਵਾਂ ਨਹੀਂ ਸੀ।
ਜੇ ਮਨੁੱਖ ਨੇ ਵਾਧੇ ਲਈ ਨਰ ਅਤੇ ਮਾਦਾ ਦੀ ਜ਼ਰੂਰਤ ਸਮਝਦਿਆਂ ਹੋਇਆਂ ਮੈਨੂੰ ਵੀ ਨਰ ਅਤੇ ਮਾਦਾ ਵਿਚ ਬਦਲ ਕੇ ਮੇਰਾ ਨਾਮ ਵੀ ਜੈਕ ਤੇ ਜੂਲੀ ਵਾਂਗ ਬੂਟ ਤੇ ਸੈੰਡਲ ਰਖਿਆ ਹੋਵੇ ਤਾਂ ਉਸ ਦੀ ਸੋਚ ਸਹੀ ਸੀ। ਉਸ ਤੋਂ ਉਪਰੰਤ ਤਾਂ ਸਾਡੇ ਪ੍ਰਿਵਾਰ ਵਿਚ ਵੀ ਅੰਤਾਂ ਦਾ ਵਾਧਾ ਹੋਇਆ। ਸੈਡੰਲ ,ਬੂਟ,ਗੁਰਕਾਬੀ,ਚਪਲ,ਲੋਫਰ,ਹਾਈ ਹੀਲ……।।ਬਸ ਪੁਛੋ ਨਾ। ਕੁਝ ਮਰਦ ਨਾਮ ਅਤੇ ਕੁਝ ਜਨਾਨੇ ਅਤੇ ਇਸੇ ਤਰਾਂ ਉਹਨਾਂ ਦੀ ਵਰਤੋਂ ਅਤੇ ਕੁਝ ਨਾਮ ਨਾ ਜਨਾਨੇ ਅਤੇ ਨਾ ਮਰਦ ਬਸ ਸਾਂਝੇ ਜਹੇ ਜੇਹੜਾ ਮਰਜ਼ੀ ਪੈਰੀਂ ਅੜਾ ਲਵੇ। ਸਾਡੀ ਕੀ ਮਜਾਲ ਕਿ ਹੀਲ ਹੁੱਜਤ ਕਰ ਸਕੀਏ।
ਨਾ ਸਮਾ ਖਲੋਇਆ ਅਤੇ ਨਾ ਮਨੁੱਖ। ਖਿਲਰੇ ਕੇਸ ਲੈ ਕੇ ਫਿਰਨ ਵਾਲਾ ਮਨੁੱਖ ਜਦ ਫੈਸ਼ਨ ਵਿਚ ਆ ਗਿਆ ਤਾਂ ਢਿਲਾ ਜਿਹਾ ਚਾਦਰਾ ਪੈਂਟ ਪਜਾਮਿਆਂ ਵਿਚ ਬਦਲ ਗਿਆ। ਖੇਸੀ ਕੋਟ ਵਿਚ ਬਦਲ ਗਈ ਕੁੜਤੇ ਦੀ ਥ੍ਹਾਂ ਕਾਲਰਾਂ ਵਾਲੀ ਕਮੀਜ਼ ਨੇ ਲੈ ਲਈ। ਮੈਨੂੰ ਵੀ ਪਿਛੇ ਨਹੀਂ ਛਡਿਆ ਚਮੜੇ ਦੇ ਨਾਲ ਨਾਲ ਮੇਰੀ ਬਣਤਰ ਲਈ ਵੀ ਕਪੜਾ, ਪਲਾਸਟਕ, ਲੋਹਾ,ਲੱਕੜੀ ਰਬੜ,ਮਖਮਲ……ਪਤਾ ਨਹੀਂ ਹੋਰ ਕੀ ਕੀ ਵਰਤਿਆ ਜਾਣ ਲੱਗਾ। ਹੁਣ ਤਾਂ ਸੀਣ ਪਾਉਣ ਦਾ ਝੰਜਟ ਵੀ ਨਹੀਂ ਰਿਹਾ ਬਸ ਗੂੰਦ ਜਿਹਾ ਲਾ ਕੇ ਹੀ ਜੋੜ ਧਰਦਾ। ਅੰਤਾਂ ਦਾ ਜੋਬਨ ਆਇਆ ਮੇਰੇ ਤੇ ਵੀ।
ਮਾਇਆ ਦਾ ਪਸਾਰ ਹੋਣ ਨਾਲ ਮਨੱਖ ਵਿਚ ਦਰਜਾ ਬੰਦੀ ਹੋਈ ਮੀਰ ਗਰੀਬ ਦਾ ਪਾੜਾ ਵਧਿਆ, ਕਿਤੇ ਕਿਤੇ ਕਿਰਤ ਦੇ ਆਧਾਰ ਤੇ ਜ਼ਾਤਾਂ ਵਿਚ ਵੀ ਲਕੀਰਾਂ ਖਿਚੀਆਂ ਗਈਆਂ। ਆਪਣੇ ਨਾਲ ਨਾਲ ਮਨੁੱਖ ਨੇ ਮੇਰੀ ਵੀ ਦਰਜਾ ਬੰਦੀ ਕਰ ਦਿਤੀ। ਘਰ ਅੰਦਰ ਪਹਿਨਣ ਲਈ ਹੋਰ ਅਤੇ ਬਾਹਰ ਜਾਣ ਲਈ ਹੋਰ, ਕੰਮ ਲਈ ਅਤੇ ਸੈਰ ਸਪਾਟੇ ਲਈ ਵੀ ਵਖਰੇ ਵਖਰੇ ਰੂਪ ਹੋ ਗਏ , ਕੋਈ ਪਹਾੜੀਂ ਚੜ੍ਹਨ ਲਈ ਕੋਈ ਦੌੜਨ ਲਈ ਕੋਈ ਨਚਣ ਲਈ ਕੋਈ ਖੇਡਣ ਲਈ ਇਕ ਹੋਵੇ ਤਾਂ ਦਸਾਂ ਹਰ ਖੇਡ ਲਈ ਵਖਰਾ ਹਰ ਨਾਚ ਲਈ ਵਖਰਾ ਰੂਪ ਹੈ ਮੇਰਾ।
ਮੇਰੇ ਰੂਪ ਰੰਗ ਦਾ ਗਰੀਬ ਨੂੰ ਕੀ ਭਾਅ ਉਸ ਦੇ ਪੈਰ ਤਾਂ ਹਾਲੇ ਵੀ ਨੰਗੇ ਹਨ। ਉਹ ਵਿਚਾਰਾ ਤਾਂ ਇਸ ਮਹਿੰਗਾਈ ਦੇ ਯੁਗ ਵਿਚ ਬਚਿਆਂ ਦੇ ਤਨ ਢਕਣ ਅਤੇ ਢਿਡ ਭਰਨ ਵਿਚ ਹੀ ਬੁਢਾ ਹੁੰਦਾ ਜਾ ਰਿਹਾ ਹੈ। ਪਰ ਧੰਨਵਾਨਾਂ ਦੇ ਚੋਜ ਨਿਆਰੇ ਹਨ । ਇਕ ਦੇਸ ਦੀ ਕੱਲੀ ਮਲਿਕਾ ਪਾਸ 1060 ਜੋੜੇ ( ਫਿਲਪਾਈਨ ਦੀ ਮਲਕਾ ਅਮਿਲਡਾ ਮਾਰਕੋਸ } ਜਦ ਕਿ ਉਸ ਦੀ ਪਰਜਾ ਦੀ ਵਡੀ ਗਿਣਤੀ ਇਕ ਜੋੜਾ ਖਰੀਦਣ ਤੋਂ ਵੀ ਅਸਮਰਥ ਸੀ। ਦੇਸ਼ ਦੀ ਲੇਬਰ ਪਾਰਟੀ ਦਾ ਨੁਮਾਇੰਦਾ ( ਟੋਨੀ ਬਲੇਅਰ } ਦਸ ਸਾਲ ਤਕ ਹੱਥ ਦੇ ਬਣੇ ਹੋਏ ਵਡਮੁਲੇ ਬੂਟ (ਚਰਚ’ਸ } ਪਹਿਨ ਕੇ ਹਰ ਹਫਤੇ ਹਾਊਸ ਆਫ ਕਾਮਨਜ਼ ਵਿਚ ਟੋਹਰ ਨਾਲ ਆਪਣੀ ਮੁਖਾਲਫ ਪਾਰਟੀ ਦੇ ਰੂ ਬਰੂ ਹੁੰਦਾ ਰਿਹਾ। ਇਸ ਕੀਮਤੀ ਬੂਟ ਨੂੰ ਉਹ ਭਾਗਾਂ ਵਾਲਾ ਆਖਿਆ ਕਰਦਾ ਸੀ। ਕਹੇ ਵੀ ਕਿਊਂ ਨਾ ਟੋਰੀ ਪਾਰਟੀ ਜੋ ਅਮੀਰਾਂ ਦੀ ਪਾਰਟੀ ਗਿਣੀ ਜਾਂਦੀ ਹੈ ਉਸਦੇ ਮੈਂਬਰਾਂ ਦੇ ਬੂਟ ਇਨੇ ਕੀਮਤੀ ਨਹੀਂ ਸਨ ਹੁੰਦੇ। 2008 ਦੀ ਚੋਣ ਸਮੇ ਅਮਰੀਕਾ ਦੀ ਰੀਪਬਲਿਕਨ ਪਾਰਟੀ ਦੀ ਵਾਈਸ ਪ੍ਰਧਾਨ ਦੀ ਉਮੀਦਵਾਰ ਸਾਇਰਾ ਪਾਇਲਨ ਨੂੰ ਸ਼ੰਗਾਰ ਕੇ ਜੰਤਾ ਦੀਆਂ ਵੋਟਾਂ ਬਟੋਰਨ ਲਈ ਕਪੜਿਆਂ ਅਤੇ ਕੀਮਤੀ ਬੂਟਾਂ ਤੇ ਡੇਡ੍ਹ ਲਖ ਡਾਲਰ ਖਰਚ ਦਿਤਾ ਪਰ ਲੋਕਾਈ ਝਾਸੇ ਵਿਚ ਨਾ ਆਈ। ਉਸ ਵਿਚਾਰੀ ਨਾਲ ਤਾਂ ਉਹ ਹੋਈ ਕਿ ਗੁੰਦੀ ਚੁੰਡੀ ਰਹਿ ਗਈ ਸਿਰ ਤੇ ਮੱਖੀ ਬਹਿ ਗਈ ।
ਸਮੇਂ ਨਾਲ ਬੇਹੱਦ ਅਦਲਾ ਬਦਲੀਆਂ ਆਈਆਂ ਰਾਜ ਪਲਟੇ ਹੋਏ ਜੋ ਕਦੇ ਗੁਲਾਮ ਸਨ ਉਹਨਾਂ ਰਾਜ ਭਾਗ ਸੰਭਾਲੇ ਪਰ ਸਾਡਾ ਰਿਸ਼ਤਾ ਮਾਲਕ ਅਤੇ ਸੇਵਾਦਾਰ ਦਾ ਹੀ ਰਿਹਾ। ਮੇਰਾ ਰੂਪ ਨਿਖਰਿਆ ਮੇਰੀ ਕੀਮਤ ਵੀ ਵਧੀ ਪਰ ਮਨੁਖ ਨੇ ਮੇਰੀ ਕਦਰ ਨਹੀਂ ਪਾਈ। ਰਹੀ ਮੈਂ ਪੈਰ ਦੀ ਜੁਤੀ ਹੀ। ਮੈਂ ਤਾਂ ਅੰਨ੍ਹੇ ਘੋੜੇ ਵਾਂਗ ਮਨੁਖ ਨੂੰ ਚੁਕੀ ਫਿਰਦੀ ਹਾਂ। ਕੰਕਰ, ਰੋੜ ਕੰਡੇ ਗਰਮੀ , ਸਰਦੀ ,ਜਲ ਅਤੇ ਥਲ ਆਪਣੇ ਪਿੰਡੇ ਤੇ ਹੰਢਾਂਦੀ ਹਾਂ ਪਰ ਲਗਦਾ ਮਨੁਖ ਨੇ ਕਦੇ ਸੇਵਾ ਕਰਨ ਵਾਲਿਆਂ ਨੂੰ ਮਾਣ ਸਨਮਾਨ ਦੇਣਾ ਸਿਖਆ ਹੀ ਨਹੀਂ। ਕੁਰਸੀਆਂ ਤੇ ਬੈਠਣ ਵਾਲੇ ਮੈਨੇਜਰ ਲਖਾਂ ਵਿਚ ਖੇਲਦੇ ਹਨ , ਸਿਆਸੀ ਆਗੂ ਚੰਗਾ ਖਾਦੇ ਅਤੇ ਮੰਦਾ ਬੋਲਦੇ ਹਨ ਸਾਧਾ ਦੇ ਡੇਰਿਆਂ ਤੇ ਬੈਠੇ ਬੇਹਲੜਾਂ ਦੇ ਪਿੰਡੇ ਤੇ ਦਿਨੋ ਦਿਨ ਚਰਬੀ ਦੀ ਤੈਹ ਚੜ੍ਹ ਰਹੀ ਹੈ ਅੰਨਦਾਤਾ ਕਹਾਉਣ ਵਾਲਾ ਕਿਸਾਨ ਅਤੇ ਮਸ਼ੀਨਾਂ ਨਾਲ ਜੂਝਣ ਵਾਲਾ ਮਜ਼ਦੂਰ ਤਾਂ ਆਰਥਕ ਪਖੋਂ ਤੰਗ ਆ ਕੇ ਆਤਮਹਤਿਆ ਦੇ ਰਾਹੇ ਪਿਆ ਹੋਇਆ ਹੈ ਬਸ ਸੇਵਾ ਕੋਈ ਕਰਦਾ ਹੈ ਅਤੇ ਫਲ ਕੋਈ ਹੋਰ ਖਾ ਰਿਹਾ ਹੈ। ਇਸੇ ਤਰਾਂ ਸੇਵਾ ਮੈਂ ਕਰਾਂ ਇਜ਼ਤ ਮਾਣ ਪੱਗ ਨੂੰ ਮਿਲੇ ਇਹ ਕਿਥੇ ਦਾ ਇਨਸਾਫ ਹੋਇਆ। ਮਨੁਖ ਪੱਗ ਦੀ ਸ਼ਾਂਭ ਸੰਭਾਲ ਕਰਦਾ ਨਹੀਂ ਥੱਕਦਾ। ਪਗ ਭਾਵੇਂ ਮੈਲੀ ਹੋਵੇ ਪਾਟੀ ਹੋਈ ਹੋਵੇ ਮੱਨੁਖ ਹਰ ਥ੍ਹਾਂ ਆਪਣੇ ਨਾਲ ਰਖਦਾ ਅਤੇ ਸਾਡੇ ਪ੍ਰਿਵਾਰ ਦੇ ਜੀਆਂ ਨੂੰ ਕਈ ਦਫਾ ਤਾਂ ਬਾਹਰ ਧੁਪ ਵਿਚ ਹੀ ਛਡ ਜਾਂਦਾ ਹੈ। ਲੰਘਦਾ ਵੜਦਾ ਸਾਨੂੰ ਮਿੱਧਦਾ ਜਾਂਦਾ ਹੈ। ਕਈ ਦਫਾ ਮਾਲਕ ਸਾਡਾ ਕੋਈ ਹੋਰ ਹੁੰਦਾ ਹੈ ਅਤੇ ਪੈਰੀਂ ਕੋਈ ਹੋਰ ਹੀ ਅੜਾਈ ਫਿਰਦਾ ਹੈ । ਬੇਜ਼ਬਾਨ ਜੂ ਹੋਏ।
ਮਨੁਖ ਦੀ ਬੁੱਧੀ ਦੀ ਵੀ ਦਾਦ ਦੇਣੀ ਪਵੇਗੀ ਧਰਮ ਸ਼ਥਾਨੀ ਜਾਣ ਲਗਾ ਸਾਨੂੰ ਸੇਵਾ ਕਰਨ ਵਾਲਿਆਂ ਨੂੰ ਤਾਂ ਬਾਹਰ ਛਡ ਜਾਦਾ ਪਰ ਹਉਮੇਂ, ਈਰਖਾ,ਕਰੋਧ ੳਤੇ ਲਾਲਚ ਨੂੰ ਬੜੇ ਮਾਣ ਨਾਲ ਮੋਢਿਆਂ ਤੇ ਚੁਕੀ ਫਿਰਦਾ । ਕੁਕਰਮਾਂ ਨਾਲ ਦਾਗੀ ਹੋਈ ਪੱਗ ਨੂੰ ਵੀ ਸਿਰ ਤੇ ਸਜਾਈ ਫਿਰਦੇ ਨੂੰ ਹਿਆ ਨਹੀਂ ਆਉਂਦੀ ।ਮੇਰੀ ਕੋਈ ਜ਼ਿਦ ਥੌੜੀ ਆ ਕਿ ਧਾਰਮਕ ਅਸਥਾਨਾਂ ਤੇ ਵੀ ਮੈਨੂੰ ਨਾਲ ਲੈ ਕੇ ਜਾਵੇ ਮੇਰੀ ਤਾਂ ਬੇਨਤੀ ਆ ਕਿ ਜੋ ਕੁਝ ਗੰਧਲਾ ਸਭ ਬਾਹਰ ਛਡ ਕੇ ਜਾਵੇ ।
ਕੋਈ ਇਸ ਭਲੇ ਮਾਣਸ ਮਨੁਖ ਨੂੰ ਪੁਛੇ ਬਈ ਜਦ ਆਪਣੇ ਤੋਂ ਕਮਜ਼ੋਰਾਂ ਤੇ ਰ੍ਹੋਬ ਜਮਾਉਣਾ ਹੋਵੇ ਤਾਂ ਆਖੇ ਗਾ। ਆਹ ਜੁਤੀ ਦ੍ਹੀਦੀ ਆ। ਮਾੜੇ ਕੰਮਾਂ ਲਈ ਦਸ ਮੈਂ ਹੀ ਰਹਿ ਗਈ। ਉਦੋਂ ਕਹੇ ਤਾਂ ਆਹ ਪਗ ਦ੍ਹੀਦੀ ਆ। ਮਾੜੇ ਨੂਂ ਜੁਤੀ ਦਖਾਲੂ ਅਤੇ ਤਕੜੇ ਦੇ ਪੈਰਾਂ ਤੇ ਪੱਗ ਰਖੂ ਮਾਣ ਸਨਮਾਨ ਫੇਰ ਵੀ ਪੱਗ ਨੂੰ ਹੀ ਇਹ ਕਿਥੇ ਦਾ ਇਨਸਾਫ ਹੋਇਆ।
ਕਿਸੇ ਛੋਟੀ ਉਮਰ ਵਿਚ ਵਿਧਵਾ ਹੋਈ ਜਨਾਨੀ ਨੂੰ ਬੜੀ ਉਮਰ ਦੀਆਂ ਜਨਾਨੀਆਂ ਸਲਾਹ ਦੇਣਗੀਆਂ ਕੁੜੇ ਜੇ ਕਿਸੇ ਨੂੰ ਸਿਰ ਧਰ ਲਵੇਂ ਤਾਂ ਤੇਰੇ ਘਰ ਵੀ ਜੁੱਤੀ ਖੁਲਦੀ ਹੋ ਜਊ । ਪਤਾ ਨਹੀਂ ਸਹਾਰੇ ਲਈ ਕਿ ਖੜਕਣ ਲਈ । ਇਹ ਪਾਜੀ ਮਨੁਖ ਤਾਂ ਮੇਰੀ ਦੁਰਵਰਤੌਂ ਕਰਨ ਲਗਾ ਆਪਣਾ ਰੁਤਬਾ ਵੀ ਨਹੀਂ ਦੇਖਦਾ। ਸਮਾਂ ਸਥਾਨ ਨਹੀਂ ਦੇਖਦਾ। ਤੈਨੂੰ ਯਾਦ ਹੋਣਾ ਇਕ ਵੇਰ ਯੂ। ਐਨ।ਓ ਵਿਚ ਇਕ ਬੜੇ ਮੁਲਕ ਦੇ ਆਗੂ ਨੇ (ਕਰੂਸਚੇਫ ਨੇ 1960 ਵਿਚ ਫਿਲੇਪਾਈਨ ਦੇ ਡੇਲੀ ਗੇਟ ਨੂੰ ਪੋਡੀਅਮ ਤੋਂ ਹੀ ਬੂਟ ਦਿਖਾਇਆ ਸੀ ) ਨੇ ਇਕ ਕਮਜ਼ੋਰ ਦੇਸ਼ ਵਾਲਿਆਂ ਨੂੰ ਬੂਟ ਦਿਖਾ ਕੇ ਬੇਇਜ਼ਤ ਕੀਤਾ ਸੀ। ਵੀਰਾ ਤੱਕੜੇ ਦਾ ਸੱਤੀ ਵੀਹੀਂ ਸੋ ਸਾਰੀ ਦੁਨੀਆਂ ਦੇ ਨੁਮਾਇਂਦੇ ਬੈਠੇ ਸਨ ਕਿਸੇ ਨੇ ਚੂਂ ਤਕ ਨਾਂ ਕੀਤੀ । ਮਾੜੇ ਨੂੰ ਤਾਂ ਹਰ ਕੋਈ ਜੁਤੀ ਦਾ ਰ੍ਹੋਬ ਦੇ ਲੈਂਦਾ ਪਤਾ ਉਦੋਂ ਲਗਦਾ ਜਦ ਬਰਾਬਰ ਦੇ ਨਾਲ ਮੱਥਾ ਲਗੇ।
ਤੈਨੂੰ ਪਤਾ ਫੌਜ ਦੀ ਗਿਣਤੀ ਵੀ ਬੂਟਾਂ ਨਾਲ ਹੂੰਦੀ ਹੈ। ਆਹ ਬੁਸ਼ ਅਮਰੀਕਾ ਦਾ ਪਰਧਾਨ ਕਈ ਸਾਲਾਂ ਤੋਂ ਕੋਈ ਡ੍ਹੇਡ ਲਖ ਭਾਰੇ ਭਾਰੇ ਬੂਟ ਭੇਜ ਕੇ ਇਰਾਕ ਵਾਲਿਆਂ ਦੀ ਨਸਲ ਕੁਸ਼ੀ ਕਰੀ ਜਾਂਦਾ। ਸਦਾਮ ਦੀ ਬੇਇਜ਼ਤੀ ਕਰਨ ਲਈ ਉਸਦੇ ਧਰਤੀ ਤੇ ਪਏ ਬੇਜਾਨ ਬੁਤ ਦੇ ਬਚਿਆਂ ਤੋਂ ਜੁਤੀਆਂ ਲੁਆਈਆ। ਟੈਲੀਵੀਜ਼ਨ ਤੇ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰੀਆਂ। ਪਰ ਪਤਾ ਉਦਣ ਲਗਾ ਜਦ ਇਕ ਸਤੇ ਹੋਏ ਇਰਾਕੀ ਦੇ ਬੂਟ ਨੂੰ ਪਰ ਲੱਗ ਗਏ। ਪਹਿਲਾ ਬੂਟ ਸਨੇਹਾ ਲੈ ਕੇ ਗਿਆ “ ਕੁਤਿਆ ਆਹ ਲੈ ਸਾਂਭ ਆਖਰੀ ਵਿਦਾਇਗੀ ।“ ਸਾਰੇ ਸੰਸਾਰ ਨੂੰ ਵਖਤ ਪਾਉਣ ਵਾਲੇ ਬੁਸ਼ ਨੂੰ ਉਸ ਉਡਦੇ ਬੂਟ ਅਗੇ ਝੁਕਣਾ ਪਿਆ ਫੇਰ ਦੂਜੇ ਬੂਟ ਨੇ ਉਡਾਰੀ ਭਰੀ “ ਇਹ ਸੁਗਾਤ ਤੈਨੂੰ ਇਰਾਕ ਦੇ ਯਤੀਮ ਬਚਿਆਂ ਵਲੋਂ ਵਿਧਵਾ ਔਰਤਾਂ ਵਲੋਂ ਤੇਰੇ ਬੰਬਾਂ ਨਾਲ ਮਰਨ ਵਾਲਿਆਂ ਵਲੋਂ ਅਤੇ ਉਹਨਾਂ ਲੋਕਾਂ ਵਲੋ ਜੇਹੜੇ ਤੇਰੇ ਜ਼ੁਲਮ ਦਾ ਸ਼ਿਕਾਰ ਹੋਏ।“ ਲਖਾਂ ਬੂਟਾਂ ਦੀ ਧੋਂਸ ਦੇਣ ਵਾਲਾ ਬੁਸ਼ ਫੇਰ ਝੁਕਿਆ। ਮੁਨਤਾਥਰ ਜ਼ੇਦੀ ( ਇਰਾਕੀ ਜਰਨਲਿਸਟ) ਨੇ ਇਹ ਸਾਬਤ ਕਰ ਦਿਤਾ ਕਿ ਇਨੇ ਜ਼ੁਲਮ ਦੇ ਬਾਵਜੂਦ ਵੀ ਹਾਲੇ ਅੱਣਖ ਦੀ ਕਣੀ ਬਾਕੀ ਹੈ।ਸਚੀ ਦਸਾਂ ਮੇਰਾ ਹਿਰਖ ਵੀ ਕੁਝ ਮੱਠਾ ਹੋ ਗਿਆ ਆਖਰ ਕਿਸੇ ਨੇ ਤਾਂ ਤਕੜੇ ਦੇ ਜਵਾਬ ਵਿਚ ਮੇਰੀ ਵਰਤੋਂ ਕੀਤੀ। ਮੌਕਾ ਪੱਰਸਤ ਖੁਸ਼ਾਮਦਾਂ ਕਰਨ ਵਾਲੇ ਦੇਸ਼ ਦਾ ਕਦੇ ਕੁਝ ਨਹੀਂ ਸੰਵਾਰਦੇ ਸਿਰਫ ਆਪਣਾ ਮਤਲਬ ਪੂਰਾ ਕਰਦੇ ਹਨ ਇਹ ਤਾਂ ਅਣਖੀ ਯੋਦਿਆਂ ਦੀ ਹੀ ਕਰਾਮਾਤ ਹੈ ਜੋ ਮੇਰੇ ਵਰਗੇ ਨਾਚੀਜ਼ ਨੂੰ ਵੀ ਵੀ ਉਡਣ ਜਾਚ ਸਿਖਾ ਦਿੰਦੇ ਹਨ। ਦੇਖ ਫੇਰ ਕਿਦਾਂ ਇਕ ਸ਼ਕਤੀ ਸ਼ਾਲੀ ਦੇਸ ਦੇ ਪਰਧਾਨ ਜਿਸ ਦੇ ਇਸ਼ਾਰੇ ਤੇ ਲਖਾਂ ਬੂਟ ਤਬਾਹੀ ਮਚਾ ਸਕਦੇ ਹਨ ਨੂੰ ਵੀ ਮੇਰੀ ਉਡਾਨ ਅਗੇ ਸਿਰ ਝੁਕਾਉਣਾ ਪਿਆ। ਹੁਣ ਸੰਸਾਰ ਦੇ ਇਤਹਾਸਕਾਰ ਆਪਣੀ ਕੱਲਮ ਨੂੰ ਮਰੋੜੀਆਂ ਦੇਣ ਲਗੇ ਮੈਨੂੰ ਅਨਗੋਲਿਆ ਨਹੀਂ ਕਰ ਸਕਣਗੇ ਬੁਸ਼ ਦੇ ਨਾਲ ਮੇਰਾ ਨਾਉਂ ਵੀ ਇਤਹਾਸ ਵਿਚ ਲਿਖਿਆ ਜਾਵੇਗਾ। ਜ਼ੈਦੀ ਨੇ ਇਹ ਵੀ ਦਸ ਦਿਤਾ ਕਿ ਜਦ ਜ਼ੁਲਮ ਦੀ ਅੱਤ ਹੋ ਜਾਏ ਤਾਂ ਮਜ਼ਲੂਮ ਦੇ ਬੂਟ ਨੂੰ ਵੀ ਪਰ ਲਗ ਸਕਦੇ ਹਨ।
****